ਪੱਤਰ ਪ੍ਰੇਰਕ
ਰੂਪਨਗਰ/ਘਨੌਲੀ, 9 ਅਪਰੈਲ
ਖਣਨ ਠੇਕੇਦਾਰਾਂ ਵੱਲੋਂ ਕਥਿਤ ਤੌਰ ’ਤੇ ਵਸੂਲੇ ਜਾ ਰਹੇ ਗੁੰਡਾ ਟੈਕਸ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਲੜ ਰਹੇ ਸਮਾਜ ਸੇਵੀ ਬਚਿੱਤਰ ਸਿੰਘ ਜਟਾਣਾ ਨੇ ਕਿਹਾ ਕਿ ਪੰਜਾਬ ਵਿੱਚ ਸੱਤਾ ਪਰਿਵਰਤਨ ਦੇ ਬਾਵਜੂਦ ਖਣਨ ਠੇਕੇਦਾਰ ਵਾਤਾਵਰਨ ਦੀ ਕਲੀਅਰੈਂਸ ਤੋਂ ਬਿਨਾਂ ਹੀ ਰੇਤੇ ਦੀਆਂ ਖੱਡਾਂ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਖਣਨ ਕਾਰੋਬਾਰ ਵਿੱਚੋਂ ਠੇਕੇਦਾਰਾਂ ਨੂੰ ਚੱਲਦਾ ਕਰਕੇ ਕਾਰਪੋਰੇਸ਼ਨ ਸਿਸਟਮ ਚਾਲੂ ਕਰਨ ਦੀ ਗੱਲ ਆਖੀ ਸੀ ਪਰ ਹੁਣ ਮੁੱਖ ਮੰਤਰੀ ਵੱਲੋਂ ਖਣਨ ਠੇਕੇਦਾਰਾਂ ਨੂੰ ਇੱਕ ਸਾਲ ਦਾ ਸਮਾਂ ਦੇਣ ਦੀ ਗੱਲ ਆਖੀ ਜਾ ਰਹੀ ਹੈ। ਸ੍ਰੀ ਜਟਾਣਾ ਨੇ ਮੰਗ ਕੀਤੀ ਕਿ ਪੰਜਾਬ ਦੀ ‘ਆਪ’ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਿਕ ਜਲਦੀ ਕਾਰਪੋਰੇਸ਼ਨ ਬਣਾ ਕੇ ਕਰੱਸ਼ਰ ਕਾਰੋਬਾਰੀਆਂ ਨੂੰ ਸਸਤੇ ਰੇਟਾਂ ’ਤੇ ਕੱਚਾ ਮਾਲ ਉਪਲੱਬਧ ਕਰਾਵੇ ਤਾਂ ਕਿ ਲੋਕਾਂ ਨੂੰ ਸਸਤਾ ਰੇਤਾ ਬਜਰੀ ਮਿਲ ਸਕੇ ਤੇ ਕਰੱਸ਼ਰ ਇੰਡਸਟਰੀ ਵੀ ਬਰਬਾਦ ਹੋਣ ਤੋਂ ਬਚ ਸਕੇ। ਦੱਸਣਯੋਗ ਹੈ ਕਿ ਪੰਜਾਬ ਦੇ ਠੇਕੇਦਾਰਾਂ ਕੋਲ ਵਾਤਾਵਰਨ ਦੀ ਕਲੀਅਰੈਂਸ ਨਾ ਹੋਣ ਸਬੰਧੀ ਸ੍ਰੀ ਜਟਾਣਾ ਨੇ ਹਾਈਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ, ਜਿਸ ਦੀ ਅਗਲੀ ਸੁਣਵਾਈ ਦੀ 16 ਮਈ ਨੂੰ ਹੈ।