ਸੁਰਜੀਤ ਮਜਾਰੀ
ਬੰਗਾ, 8 ਸਤੰਬਰ
ਮੁਕੰਦਪੁਰ ਦੇ ਸਰਕਾਰੀ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਉਸ ਦੀ ਪਛਾਣ ਮੁਕੰਦਪੁਰ ਵਾਸੀ ਮਨੀਸ਼ ਵਜੋਂ ਹੋਈ ਹੈ।
ਜਦੋਂ ਮੁਲਜ਼ਮ ਨੂੰ ਗੱਡੀ ਗਲਤ ਖੜ੍ਹਾਉਣ ਤੋਂ ਰੋਕਿਆ ਗਿਆ ਤਾਂ ਉਸ ਨੇ ਡਿਊਟੀ ’ਤੇ ਤਾਇਨਾਤ ਡਾ. ਸਿਮਲ ਗਿੱਲ ਦੀ ਕੁੱਟਮਾਰ ਕਰ ਦਿੱਤੀ। ਹਸਪਤਾਲ ਦੇ ਸਟਾਫ ਵੱਲੋਂ ਇਕੱਠੇ ਹੋ ਕੇ ਇਸ ਮਾਮਲੇ ਸਬੰਧੀ ਮੁਕੰਦਪੁਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਸਬੰਧਤ ਵਿਅਕਤੀ ਆਪਣੀ ਕਾਰ (ਪੀਬੀ 21 ਈ 4420 ਸੀ) ’ਤੇ ਹਸਪਤਾਲ ਅੰਦਰ ਦਾਖ਼ਲ ਹੋਇਆ। ਉਸ ਨੇ ਕਾਰ ਪਾਰਕਿੰਗ ਸਥਾਨ ’ਤੇ ਖੜ੍ਹੀ ਕਰਨ ਦੀ ਬਜਾਏ ਹਸਪਤਾਲ ਦੇ ਪਿਛਲੇ ਪਾਸੇ ਜੈਨਰੇਟਰ ਰੂਮ ਕੋਲ ਖੜ੍ਹੀ ਕਰ ਦਿੱਤੀ।
ਡਾਕਟਰ ਸਿਮਲ ਗਿੱਲ ਅਤੇ ਉਨ੍ਹਾਂ ਨਾਲ ਤਾਇਨਾਤ ਵਾਰਡ ਸਰਵੈਂਟ ਸਲੀਮ ਕੁਮਾਰ ਵੱਲੋਂ ਜਦੋਂ ਗੱਡੀ ਕੋਲ ਜਾ ਕੇ ਡਰਾਈਵਰ ਨੂੰ ਗਲਤ ਥਾਂ ’ਤੇ ਪਾਰਕਿੰਗ ਕਰਨ ਅਤੇ ਹਸਪਤਾਲ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਵਰਿੰਦਰ ਨਾਮ ਦੇ ਮਰੀਜ਼ ਦੀ ਖ਼ਬਰ ਲੈਣ ਆਏ ਹਨ, ਜੋ ਹਸਪਤਾਲ ਵਿੱਚ ਦਾਖਲ ਹੈ। ਡਾਕਟਰ ਵੱਲੋਂ ਛਾਣਬੀਣ ਕਰਨ ’ਤੇ ਇਸ ਨਾਮ ਦਾ ਕੋਈ ਮਰੀਜ਼ ਦਾਖ਼ਲ ਨਾ ਮਿਲਿਆ। ਉਨ੍ਹਾਂ ਉਸ ਨੂੰ ਦੁਬਾਰਾ ਗੱਡੀ ਸਹੀ ਪਾਰਕਿੰਗ ਕਰਨ ਲਈ ਕਿਹਾ ਤਾਂ ਉਸ ਨੇ ਹਸਪਤਾਲ ਤੋਂ ਬਾਹਰ ਸੜਕ ’ਤੇ ਲਗਾ ਦਿੱਤੀ ਅਤੇ ਹਸਪਤਾਲ ਵਿੱਚ ਮੁੜ ਦਾਖ਼ਲ ਹੋ ਕੇ ਹੱਥੋਪਾਈ ਕਰਨ ਲੱਗ ਪਿਆ। ਉਧਰ, ਥਾਣਾ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਛਾਣ-ਬੀਣ ਕਰਨ ਤੋਂ ਬਾਅਦ ਸਬੰਧਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।