ਸ੍ਰੀ ਕੀਰਤਪੁਰ ਸਾਹਿਬ: ਆਪਣੀ 14 ਸਾਲਾ ਬੱਚੀ ਦੇ ਅਗਵਾ ਹੋਣ ਦੀ ਝੂਠੀ ਕਹਾਣੀ ਬਣਾਉਣ ਵਾਲੇ ਪਰਿਵਾਰ ਦੀ ਸਾਜਿਸ਼ ਦਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲੀਸ ਨੇ ਪਰਦਾਫਾਸ਼ ਕਰਦੇ ਹੋਏ ਕੁਝ ਘੰਟਿਆਂ ਵਿੱਚ ਹੀ ਬੱਚੀ ਨੂੰ ਬਰਾਮਦ ਕਰ ਲਿਆ ਹੈ। ਪੁਲੀਸ ਅਨੁਸਾਰ ਇਹ ਪਰਿਵਾਰ ਅਜਿਹਾ ਕਰ ਕੇ ਆਪਣੇ ਗੁਆਂਢੀਆਂ ਨੂੰ ਫਸਾਉਣਾ ਚਾਹੁੰਦਾ ਸੀ। ਐੱਸਐੱਚਓ ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.40 ’ਤੇ ਥਾਣਾ ਕੀਰਤਪੁਰ ਸਾਹਿਬ ਦੀ ਪੁਲੀਸ ਨੂੰ ਇੱਕ ਬੱਚੀ ਦੇ ਅਗਵਾਹ ਹੋਣ ਬਾਰੇ ਸੂਚਨਾ ਮਿਲੀ। ਪੁਲੀਸ ਨੇ ਜਦੋਂ ਪੜਤਾਲ ਕੀਤੀ ਤਾਂ ਮਾਮਲਾ ਕੁਝ ਸ਼ੱਕੀ ਜਾਪਿਆ। ਪੁਲੀਸ ਨੇ ਜਦੋਂ ਜਦੋਂ ਲੜਕੀ ਦੇ ਦਾਦੇ ਤੇ ਮਾਤਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਲੜਕੀ ਦੇ ਅਗਵਾ ਹੋਣ ਦਾ ਮਾਮਲਾ ਝੂਠਾ ਨਿਕਲਿਆ। ਪੁਲੀਸ ਨੇ ਲੜਕੀ ਦੇ ਦਾਦਾ ਯੂਸਫ ਅਲੀ, ਲੜਕੀ ਦੀ ਮਾਤਾ ਰੁਖਸਾਨਾ ਅਤੇ ਇਸ ਕੰਮ ਵਿੱਚ ਸ਼ਾਮਲ ਗਾਮਾ ਖ਼ਿਲਾਫ਼ ਕਾਰਵਾਈ ਕੀਤੀ ਹੈ। -ਪੱਤਰ ਪ੍ਰੇਰਕ