ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੁਲਾਈ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਵਿੱਚ ਗਲਤ ਤਰੀਕੇ ਨਾਲ ਰੈਗੂਲਰ ਹੋਏ 138 ਮੁਲਾਜ਼ਮਾਂ ਦੀ ਪੱਕੀ ਨਿਯੁਕਤੀ ਰੱਦ ਕਰਨ ਦੀ ਪ੍ਰਕਿਰਿਆ ਵਿੱਢ ਦਿੱਤੀ ਹੈ। ਪੰਚਾਇਤ ਵਿਭਾਗ ਨੇ ਅੱਜ ਪੱਤਰ ਜਾਰੀ ਕਰ ਕੇ ਗਲਤ ਤਰੀਕੇ ਨਾਲ ਰੈਗੂਲਰ ਕੀਤੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਅਤੇ ਇਹ ਕਿਹਾ ਹੈ ਕਿ ਨਿੱਜੀ ਸੁਣਵਾਈ ਦਾ ਮੌਕਾ ਦੇ ਕੇ ਇਨ੍ਹਾਂ ਮੁਲਾਜ਼ਮਾਂ ਦੀ ਰੈਗੂਲਰ ਨਿਯੁਕਤੀ ਨੂੰ ਰੱਦ ਕੀਤਾ ਜਾਵੇ ਅਤੇ ਪਹਿਲਾਂ ਵਾਲੀ ਸਥਿਤੀ ਬਹਾਲ ਕੀਤੀ ਜਾਵੇ।
ਚੇਤੇ ਰਹੇ ਕਿ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਵਿਚ ਪੰਚਾਇਤ ਵਿਭਾਗ ਦੇ ਉੱਚ ਅਫਸਰਾਂ ਨੇ ਆਪਣੇ ਨੇੜਲਿਆਂ ਅਤੇ ਚਹੇਤਿਆਂ ਨੂੰ ਪਹਿਲਾਂ ਚੋਰ ਮੋਰੀ ਰਾਹੀਂ ਭਰਤੀ ਕੀਤਾ ਅਤੇ ਮੁੜ ਉਨ੍ਹਾਂ ਨੂੰ ਰੈਗੂਲਰ ਕੀਤਾ। ਹਰ ਪੰਚਾਇਤ ਵਿਭਾਗ ਨੇ ਇਨ੍ਹਾਂ ਦੀ ਪੜਤਾਲ ਵਾਸਤੇ 10 ਮਈ 2022 ਨੂੰ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸ ਦੀ ਪੜਤਾਲ ਰਿਪੋਰਟ ਹੁਣ ਸਾਹਮਣੇ ਆਈ ਹੈ। ਇਸ ਦੇ ਆਧਾਰ ’ਤੇ ਮਹਿਕਮੇ ਨੇ ਗਲਤ ਰੈਗੂਲਰ ਹੋਏ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਇਨ੍ਹਾਂ ਨਿਯੁਕਤੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ‘ਆਪ’ ਸਰਕਾਰ ਨੇ ਇਸ ਗੋਰਖਧੰਦੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਪੰਚਾਇਤ ਮਹਿਕਮੇ ਦੇ ਕਾਫੀ ਅਫਸਰ ਵੀ ਫਸਣਗੇ। ਜਿਨ੍ਹਾਂ ਮੁਲਾਜ਼ਮਾਂ ਨੂੰ ਗਲਤ ਤਰੀਕੇ ਨਾਲ ਰੈਗੂਲਰ ਕੀਤਾ ਗਿਆ, ਉਨ੍ਹਾਂ ਵਿਚ ਸੇਵਾਦਾਰ, ਚੌਕੀਦਾਰ, ਅਪਰੇਟਰ, ਮਾਲੀ, ਸਮਿਤੀ ਪਟਵਾਰੀ, ਕਲਰਕ ਅਤੇ ਡਰਾਈਵਰ ਆਦਿ ਸ਼ਾਮਲ ਹਨ। ਇਨ੍ਹਾਂ ਵਿਚ 46 ਸਮਿਤੀ ਪਟਵਾਰੀ ਹਨ, ਜਿਹੜੇ ਪਿਛਲੇ ਸਮੇਂ ਦੌਰਾਨ ਭਰਤੀ ਹੋਏ ਸਨ। ਵੇਰਵਿਆਂ ਅਨੁਸਾਰ ਪੰਚਾਇਤ ਸਮਿਤੀ ਪਾਤੜਾਂ ਦੇ ਚਾਰ ਮੁਲਾਜ਼ਮ, ਸ਼ਹਿਣਾ ਦੇ ਤਿੰਨ ਮੁਲਾਜ਼ਮ, ਕਾਦੀਆਂ ਦੇ ਚਾਰ ਮੁਲਾਜ਼ਮ, ਬਲਾਕ ਫੂਲ ਦੇ ਚਾਰ, ਫਤਹਿਗੜ੍ਹ ਚੂੜੀਆਂ ਦੇ ਦੋ, ਮੌੜ ਦੇ ਤਿੰਨ ਆਦਿ ਸ਼ਾਮਿਲ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਸ ਪੱਤਰ ਜ਼ਰੀਏ ਉਨ੍ਹਾਂ ਅਫਸਰਾਂ ਖ਼ਿਲਾਫ਼ ਵੀ ਕਾਰਵਾਈ ਵਿੱਢਣ ਲਈ ਕਿਹਾ ਹੈ, ਜਿਨ੍ਹਾਂ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਗਲਤ ਤਰੀਕੇ ਨਾਲ ਰੈਗੂਲਰ ਕੀਤਾ ਹੈ। ਇਨ੍ਹਾਂ ਵਿਚ ਮਹਿਲਾ ਮੁਲਾਜ਼ਮ ਵੀ ਸ਼ਾਮਲ ਹਨ।