ਘਨੌਲੀ: ਅੱਜ ਇੱਥੇ ਪਿੰਡ ਸਰਸਾ ਨੰਗਲ ਵਿੱਚ ਕੌਮੀ ਮਾਰਗ 205 ’ਤੇ ਵਾਪਰੇ ਸੜਕ ਹਾਦਸੇ ਦੌਰਾਨ ਤੇਜ਼ ਰਫਤਾਰ ਕਾਰ ਦੀ ਟੱਕਰ ਕਾਰਨ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸੁਖਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬਲਵੀਰ ਸਿੰਘ (50) ਵਾਸੀ ਅਵਾਨਕੋਟ ਆਪਣੀ ਐਕਟਿਵਾ ਸਕੂਟਰੀ ’ਤੇ ਆਪਣੇ ਪਿੰਡ ਤੋਂ ਸਰਸਾ ਨੰਗਲ ਵਿੱਚ ਸਥਿਤ ਵੈਲਡਿੰਗ ਦੀ ਦੁਕਾਨ ’ਤੇ ਜਾ ਰਿਹਾ ਸੀ। ਜਦੋਂ ਉਹ ਕੌਮੀ ਮਾਰਗ ਪਾਰ ਕਰਨ ਲੱਗਿਆ ਤਾਂ ਭਰਤਗੜ੍ਹ ਵਾਲੀ ਸਾਈਡ ਤੋਂ ਆਈ ਤੇਜ਼ ਰਫਤਾਰ ਕਰੇਟਾ ਕਾਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਦੌਰਾਨ ਐਕਟਿਵਾ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਸਰਕਾਰੀ ਹਸਪਤਾਲ ਰੂਪਨਗਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਭਰਤਗੜ੍ਹ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ