ਨਿੱਜੀ ਪੱਤਰ ਪ੍ਰੇਰਕ
ਧੂਰੀ, 10 ਫਰਵਰੀ
ਉੱਘੇ ਕਾਲਮਨਵੀਸ ਅਤੇ ਆਰਟਿਸਟ ਹਰਬੰਸ ਸਿੰਘ ਢਿੱਲੋਂ ਦੀ ਪਤਨੀ ਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਕਲਾਕਾਰ ਬਿੰਨੂ ਢਿੱਲੋਂ ਦੀ ਮਾਤਾ ਨਰਿੰਦਰ ਕੌਰ ਦਾ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ ਤੇ ਅਧਿਆਪਕਾ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦਾ ਸਸਕਾਰ ਅੱਜ ਸਥਾਨਕ ਰਾਮ ਬਾਗ ਵਿੱਚ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਬਿੰਨੂ ਢਿੱਲੋਂ ਤੇ ਉਸ ਦੇ ਵੱਡੇ ਭਰਾਵਾਂ ਨੇ ਵਿਖਾਈ। ਉਨ੍ਹਾਂ ਦੇ ਸਸਕਾਰ ਮੌਕੇ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ, ਪੰਜਾਬੀ ਫਿਲਮ ਜਗਤ ਦੀਆਂ ਕਈ ਸ਼ਖ਼ਸੀਅਤਾਂ ਅਤੇ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ।