ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੁਲਾਈ
‘‘ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰ ਮਹੀਨੇ ਨਸ਼ਾਖੋਰੀ ਵਿਰੁੱਧ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਤਿੰਨ ਜ਼ਿਲ੍ਹਿਆਂ ਦਾ ਸਨਮਾਨ ਕੀਤਾ ਜਾਵੇਗਾ।’’ ਇਸ ਗੱਲ ਦਾ ਪ੍ਰਗਟਾਵਾ ਇੰਸਪੈਕਟਰ ਜਨਰਲ ਆਫ਼ ਪੁਲੀਸ ਸੁਖਚੈਨ ਸਿੰਘ ਗਿੱਲ ਨੇ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਜ਼ਿਲ੍ਹਿਆਂ ਨੂੰ ਆਕਾਰ ਅਤੇ ਬਰਾਮਦਗੀ ਅਨੁਸਾਰ ਸਨਮਾਨਿਤ ਕੀਤਾ ਜਾਵੇਗਾ। ਇਸ ਵਿੱਚ ਥਾਣਿਆਂ ਦੀ ਗਿਣਤੀ, ਆਬਾਦੀ, ਸਰਹੱਦੀ ਜ਼ਿਲ੍ਹਾ ਜਾਂ ਸਰਹੱਦ ਤੋਂ ਦੂਰ ਜ਼ਿਲ੍ਹਿਆਂ ਦੀ ਵੱਖੋ-ਵੱਖ ਤੁਲਨਾ ਕੀਤੀ ਜਾਵੇਗੀ। ਪੰਜਾਬ ਪੁਲੀਸ ਨੇ ਪਿਛਲੇ ਹਫ਼ਤੇ ਦੌਰਾਨ 7.93 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ/ਕੈਪਸੂਲ/ਟੀਕੇ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ 6.82 ਲੱਖ ਗੋਲੀਆਂ, 17169 ਟੀਕੇ, 85442 ਕੈਪਸੂਲ ਅਤੇ 8648 ਦਵਾਈ ਦੀਆਂ ਸ਼ੀਸ਼ੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਪੁਲੀਸ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਇੱਕ ਗੈਰ-ਕਾਨੂੰਨੀ ਸਟੋਰੇਜ ਗੁਦਾਮ ਵਿੱਚ ਛਾਪਾ ਮਾਰ ਕੇ ਸੱਤ ਲੱਖ ਤੋਂ ਵੱਧ ਗੋਲੀਆਂ/ਕੈਪਸੂਲ/ਟੀਕੇ ਜ਼ਬਤ ਕਰ ਕੇ ਫਾਰਮਾਸਿਊਟੀਕਲ ਡਰੱਗ ਕਾਰਟਲ ਦਾ ਪਰਦਾਫਾਸ਼ ਕਰਦਿਆਂ ਵੱਡੀ ਬਰਾਮਦਗੀ ਕੀਤੀ ਹੈ।
ਇੰਸਪੈਕਟਰ ਸਣੇ ਤਿੰਨ ਪੁਲੀਸ ਮੁਲਾਜ਼ਮ ਨੌਕਰੀ ਤੋਂ ਬਰਖ਼ਾਸਤ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਝੂਠੇ ਕੇਸ ਵਿੱਚ ਫ਼ਸਾਉਣ ਅਤੇ ਮੋਟੀ ਰਕਮ ਵਸੂਲਣ ਦੇ ਦੋਸ਼ ਹੇਠ ਫ਼ਿਰੋਜ਼ਪੁਰ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਬਾਜਵਾ, ਏਐੱਸਆਈ ਅੰਗਰੇਜ਼ ਸਿੰਘ ਅਤੇ ਹੌਲਦਾਰ ਜੋਗਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਥਾਣਾ ਛਾਉਣੀ ਵਿੱਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ, ਤਿੰਨੋਂ ਮੁਲਜ਼ਮਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ ਤੇ ਉਹ ਫ਼ਰਾਰ ਦੱਸੇ ਜਾਂਦੇ ਹਨ। ਮਿਲੀ ਜਾਣਕਾਰੀ ਮੁਤਾਬਕ ਬੀਤੀ 20 ਜੁਲਾਈ ਨੂੰ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਐੱਸਐੱਸਪੀ ਦੀ ਸਰਕਾਰੀ ਰਿਹਾਇਸ਼ ਦੇ ਸਾਹਮਣੇ ਤੋਂ ਕਾਰ ਸਵਾਰ ਕੰਵਲਜੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਲੁਧਿਆਣਾ ਅਤੇ ਗੌਤਮ ਪਾਰਿਕ ਵਾਸੀ ਬੀਕਾਨੇਰ ਨੂੰ ਇੱਕ ਕਿੱਲੋ ਹੈਰੋਇਨ ਅਤੇ ਪੰਜ ਲੱਖ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਦੋਹਾਂ ਖ਼ਿਲਾਫ਼ ਥਾਣਾ ਛਾਉਣੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਐੱਸਐੱਸਪੀ ਨੂੰ ਇਹ ਮਾਮਲਾ ਕੁਝ ਸ਼ੱਕੀ ਜਾਪਿਆ ਤੇ ਉਨ੍ਹਾਂ ਨੇ ਇਸ ਦੀ ਗੰਭੀਰਤਾ ਨਾਲ ਪੜਤਾਲ ਕਰਨ ਦੇ ਹੁਕਮ ਜਾਰੀ ਦਿੱਤੇ। ਪੜਤਾਲ ਦੌਰਾਨ ਪਤਾ ਲੱਗਿਆ ਕਿ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਅਤੇ ਬਾਕੀ ਦੇ ਦੋ ਮੁਲਾਜ਼ਮਾਂ ਨੇ ਇਨ੍ਹਾਂ ਵਿਅਕਤੀਆਂ ਨੂੰ ਝੂਠੇ ਕੇਸ ਵਿੱਚ ਫ਼ਸਾ ਕੇ ਇਨ੍ਹਾਂ ਕੋਲੋਂ ਬਹੁਤ ਮੋਟੀ ਰਕਮ ਵਸੂਲ ਕੀਤੀ ਤੇ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਧੋਖੇ ਵਿੱਚ ਰੱਖਿਆ। ਪੜਤਾਲ ਦੌਰਾਨ ਇਹ ਇੰਸਪੈਕਟਰ ਤੇ ਉਸ ਦੇ ਸਹਾਇਕ ਕੋਈ ਤਸੱਲੀਬਖ਼ਸ਼ ਜਵਾਬ ਵੀ ਨਾ ਦੇ ਸਕੇ ਤੇ ਰਹੱਸਮਈ ਢੰਗ ਨਾਲ ਫ਼ਰਾਰ ਹੋ ਗਏ, ਜਿਸ ਨੇ ਸ਼ੱਕ ਹੋਰ ਵਧਾ ਦਿੱਤਾ। ਫ਼ਿਰੋਜ਼ਪੁਰ ਰੇਂਜ ਦੇ ਆਈਜੀ ਜਸਕਰਨ ਸਿੰਘ ਨੇ ਇੰਸਪੈਕਟਰ ਬਾਜਵਾ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ ਜਦਕਿ ਏਐੱਸਆਈ ਅੰਗਰੇਜ਼ ਸਿੰਘ ਅਤੇ ਹੌਲਦਾਰ ਜੋਗਿੰਦਰ ਸਿੰਘ ਨੂੰ ਐੱਸਐੱਸਪੀ ਸੁਰਿੰਦਰ ਲਾਂਬਾ ਵੱਲੋਂ ਬਰਖ਼ਾਸਤ ਕੀਤਾ ਗਿਆ ਹੈ।