ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਂਦਰ ਸਰਕਾਰ ਨੂੰ ਦਿੱਤੀ ਸਹਿਮਤੀ ਤੋਂ ਬਾਅਦ ਪੰਜਾਬ ਵਿੱਚ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਇਆ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਇਸ ਤਜਵੀਜ਼ ਲਈ ਸਹਿਮਤੀ ਕਿਉਂ ਦਿੱਤੀ। ਉਹ ਅੱਜ ਇੱਥੇ ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਸਬੰਧੀ ਇਤਿਹਾਸਕ ਰਾਮ ਤੀਰਥ ਮੰਦਰ ਵਿਖੇ ਨਤਸਮਤਕ ਹੋਣ ਲਈ ਆਏ ਸਨ।
ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਚਾਈ ਹੈ ਕਿ ਮੁੱਖ ਮੰਤਰੀ 5 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇ ਜਿਸ ਮਗਰੋਂ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਦਾ ਫ਼ੈਸਲਾ ਹੋਇਆ ਹੈ। ਇਸ ਫੈਸਲੇ ਤਹਿਤ ਸੂਬੇ ਦੇ 10 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਬੀਐੱਸਐੱਫ ਦਾ ਅਧਿਕਾਰ ਖੇਤਰ ਵਧ ਗਿਆ ਹੈ। ਉਨ੍ਹਾਂ ਨੂੰ ਤਲਾਸ਼ੀ ਲੈਣ, ਬਰਾਮਦਗੀ ਅਤੇ ਗ੍ਰਿਫਤਾਰੀਆਂ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਮੁੱਖ ਮੰਤਰੀ ਨੇ ਹੁਣ ਤੱਕ ਕਿਸੇ ਠੋਸ ਕਾਰਵਾਈ ਨਾਲ ਇਸ ਫੈਸਲੇ ਪ੍ਰਤੀ ਕੋਈ ਪ੍ਰਤੀਕਰਮ ਨਹੀਂ ਦਿੱਤਾ।
ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਦੀ ਸਭਿਅਕ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਇਸ ਮਾਮਲੇ ਦੀ ਆਜ਼ਾਦ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਸਰਕਾਰ ਬਣਨ ’ਤੇ ਦੋਆਬਾ ਇਲਾਕੇ ਵਿੱਚ ਭਗਵਾਨ ਵਾਲਮੀਕ ਦੇ ਨਾਂ ’ਤੇ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਇਹ ਯੂਨੀਵਰਸਿਟੀ ਪਹਿਲਾਂ ਐਲਾਨੀ ਡਾ. ਬੀ ਆਰ ਅੰਬੇਡਕਰ ਯੂਨੀਵਰਸਿਟੀ ਤੋਂ ਵੱਖਰੀ ਹੋਵੇਗੀ। ਉਨ੍ਹਾਂ ਨੇ ਵਿਰਾਸਤੀ ਥਾਵਾਂ ਤੇ ਅਹਿਮ ਧਾਰਮਿਕ ਸਥਾਨਾਂ ਦੇ ਰੱਖ ਰਖਾਅ ਵਾਸਤੇ ਵਿਸ਼ੇਸ਼ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਆਪਣੀਆਂ ਹੋਰ ਭਵਿੱਖ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ। ਇਸ ਮੌਕੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਲੋਕਾਂ ਸਾਹਮਣੇ ਉਹ ਬਲੂ ਪ੍ਰਿੰਟ ਰੱਖਣ ਜਿਸ ਵਿੱਚ 2017 ਵਿੱਚ ਕੀਤੇ ਵਾਅਦੇ ਪੂਰੇ ਕਰਨ ਦੀ ਠੋਸ ਯੋਜਨਾ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਸਮੇਤ ਹਰ ਵਰਗ ਨਾਲ ਕੀਤੇ ਵਾਅਦੇ ਕਰਨ ਵਿਚ ਅਸਫਲ ਰਹੀ ਹੈ। ਇਸ ਮੌਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਤੇ ਅਨਿਲ ਜੋਸ਼ੀ ਨੇ ਵੀ ਸੰਬੋਧਨ ਕੀਤਾ। ਉਨਾਂ ਦੇ ਨਾਲ ਹੋਰ ਅਕਾਲੀ ਆਗੂ ਅਤੇ ਵਾਲਮੀਕ ਸਮਾਜ ਦੀਆਂ ਵੱਖ ਵੱਖ ਧਾਰਮਿਕ ਸ਼ਖਸੀਅਤਾਂ ਵੀ ਹਾਜ਼ਰ ਸਨ।
‘ਵਿਧਾਨ ਸਭਾ ਚੋਣਾਂ ਵਿੱਚ ਯੂਥ ਵਿੰਗ ਦਾ ਅਹਿਮ ਰੋਲ’
ਲੁਧਿਆਣਾ (ਗੁਰਿੰਦਰ ਸਿੰਘ): ਸ਼੍ਰੋੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਵਰਕਰਾਂ ਨੂੰ ਕਿਹਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ’ਚ ਅਕਾਲੀ-ਬਸਪਾ ਗੱਠਜੋੜ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਗਾਉਣ ਕਿਉਂਕਿ ਇਨ੍ਹਾਂ ਚੋਣਾਂ ਵਿੱਚ ਯੂਥ ਵਿੰਗ ਦਾ ਅਹਿਮ ਰੋਲ ਹੋਵੇਗਾ। ਉਹ ਯੂਥ ਵਿੰਗ ਦੇ ਸੀਨੀਅਰ ਆਗੂ ਮਨਸਿਮਰਨ ਸਿੰਘ ਦੇ ਵਿਸ਼ਵਕਰਮਾ ਕਲੋਨੀ ਸਥਿਤ ਗ੍ਰਹਿ ਵਿੱਚ ਯੂਥ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਰੌਸ਼ਨ ਭਵਿੱਖ ਲਈ ਅਕਾਲੀ ਲੀਡਰਸ਼ਿਪ ਇਨ੍ਹਾਂ ਨੌਜਵਾਨਾਂ ਦੀ ਮਾਰਗਦਰਸ਼ਕ ਬਣੇਗੀ। ਉਨ੍ਹਾਂ ਮਨਸਿਮਰਨ ਸਿੰਘ ਨੂੰ ਥਾਪੜਾ ਦਿੱਤਾ ਕਿ ਉਹ ਆਪਣੇ ਸਾਥੀਆਂ ਦੀ ਟੀਮ ਬਣਾ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਤਾਂ ਜੋ 2022 ਵਿੱਚ ਅਕਾਲੀ ਦਲ-ਬਸਪਾ ਦੀ ਸਰਕਾਰ ਬਣ ਸਕੇ। ਇਸ ਮੌਕੇ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ, ਐਡਵੋਕੇਟ ਹਰੀਸ਼ ਰਾਏ ਢਾਂਡਾ, ਗੁਰਿੰਦਰਪਾਲ ਸਿੰਘ ਪੱਪੂ, ਅਜੀਤ ਸਿੰਘ ਛਾਬੜਾ, ਹਰਪ੍ਰੀਤ ਸਿੰਘ ਡੰਗ, ਡਾ. ਸੁਖਦੇਵ ਸਿੰਘ, ਚਰਨਜੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਗਰੇਵਾਲ, ਅਖਿਲ ਸਿੰਘ, ਹਰਦੀਪ ਸਿੰਘ, ਚਰਨਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।