ਸ਼ਗਨ ਕਟਾਰੀਆ
ਬਠਿੰਡਾ, 11 ਸਤੰਬਰ
ਇਥੋਂ ਦਾ ਪ੍ਰਸ਼ਾਸਨ ਪ੍ਰਦਰਸ਼ਨਕਾਰੀਆਂ ਵਿਰੁੱਧ ਸਖ਼ਤ ਹੋ ਗਿਆ ਹੈ। ਪਿਛਲੇ ਕੁਝ ਅਰਸੇ ਦੌਰਾਨ ਵਿਖਾਵਾਕਾਰੀਆਂ ’ਤੇ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਕਈ ਕੇਸ ਦਰਜ ਹੋਏ ਹਨ। ਸ਼ਹਿਰ ਦੀ ਅਜੀਤ ਰੋਡ ’ਤੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਰੋਸ ਪ੍ਰਗਟਾਉਣ ਵਾਲੇ ਪਤੀ-ਪਤਨੀ ਖ਼ਿਲਾਫ਼ ਥਾਣਾ ਸਿਵਲ ਲਾਈਨ ’ਚ ਪਰਚਾ ਦਰਜ ਹੋਇਆ ਹੈ। ਆਪਣੀ ਬੁਟੀਕ ’ਤੇ ਕਥਿਤ ਕਬਜ਼ੇ ਦਾ ਦੋਸ਼ ਲਾਉਂਦਿਆਂ ਟੈਂਕੀ ’ਤੇ 9 ਸਤੰਬਰ ਨੂੰ ਚੜ੍ਹਿਆ ਜੋੜਾ ਅਗਲੇ ਦਿਨ ਉਤਰਿਆ ਸੀ। ਟੈਂਕੀ ’ਤੇ ਚੜ੍ਹੇ ਮਨਦੀਪ ਸਿੰਘ ਦੇ ਭਰਾ ਸੁਖਦੀਪ ਸਿੰਘ ਦੇ ਬਿਆਨਾਂ ’ਤੇ ਦਰਜ ਕੇਸ ਵਿਚ ਮਨਦੀਪ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਕੌਰ ਸਮੇਤ ਟੈਂਕੀ ਦੇ ਹੇਠਾਂ ਬੈਠੇ ਪਤੀ-ਪਤਨੀ ਦੇ ਰਿਸ਼ਤੇਦਾਰਾਂ ’ਚੋਂ ਮਨਜੀਤ ਕੌਰ ਪਿੰਡ ਅਤਲਾ (ਮਾਨਸਾ), ਪਤੀ-ਪਤਨੀ ਦਵਿੰਦਰ ਸਿੰਘ-ਰੁਪਿੰਦਰ ਕੌਰ ਅਤੇ ਸਾਧੂ ਸਿੰਘ (ਸਾਰੇ ਵਾਸੀ ਬੁਢਲਾਡਾ) ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਪ੍ਰਦਰਸ਼ਨ ਦੀ ਕਵਰੇਜ ਕਰਨ ਵਾਲੇ ਪੱਤਰਕਾਰ ਨਰੇਸ਼ ਪਰਾਸ਼ਰ ਅਤੇ ਪੱਤਰਕਾਰ ਸ਼ਿਵੰਦਰ ਸਣੇ 5-7 ਅਣਪਛਾਤਿਆਂ ਨੂੰ ਵੀ ਪਰਚੇ ਵਿਚ ਸ਼ਾਮਿਲ ਕੀਤਾ ਗਿਆ ਹੈ।
ਦੂਜਾ ਪਰਚਾ ਥਾਣਾ ਥਰਮਲ ’ਚ ਧਾਰਾ 188/269/270 ਤਹਿਤ 40-50 ਅਣਪਛਾਤੇ ਵਿਖਾਵਾਕਾਰੀਆਂ ’ਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰ ਕੇ ਥਰਮਲ ਦੇ ਗੇਟ ’ਤੇ ਧਰਨਾ ਲਾਉਣ ਦੇ ਦੋਸ਼ਾਂ ਤਹਿਤ ਦਰਜ ਹੋਇਆ ਹੈ। ਜ਼ਿਕਰਯੋਗ ਹੈ ਕਿ 9 ਸਤੰਬਰ ਨੂੰ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ ’ਚ ਥਰਮਲ ਕਾਮਿਆਂ ਤੇ ਭਰਾਤਰੀ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ ਸੀ।