ਚੰਡੀਗੜ੍ਹ (ਕੁਲਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਿਹਤ ਵਿੱਚ ਖਰਾਬੀ ਕਾਰਨ ਉਨ੍ਹਾਂ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਅਕਾਲੀ ਦਲ ਟਕਸਾਲੀ ਦੇ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਦੱਸਿਆ ਕਿ ਸ੍ਰੀ ਬ੍ਰਹਮਪੁਰਾ ਅਕਸਰ ਆਪਣੇ ਰੁਟੀਨ ਚੈਕਅੱਪ ਲਈ ਪੀਜੀਆਈ ਆਉਂਦੇ ਹਨ। ਤਿੰਨ ਦਿਨ ਪਹਿਲਾਂ ਜਦੋਂ ਉਹ ਚੈਕਅੱਪ ਲਈ ਆਏ ਤਾਂ ਉਨ੍ਹਾਂ ਦੇ ਪੈੱਟ ਸਕੈਨ ਲਈ ਉਨ੍ਹਾਂ ਨੂੰ ਇੰਜੈਕਸ਼ਨ ਲਾਇਆ ਗਿਆ ਸੀ ਜਿਸ ਨਾਲ ਇਨਫ਼ੈਕਸ਼ਨ ਹੋ ਗਈ ਅਤੇ ਉਨ੍ਹਾਂ ਨੂੰ ਕੁਝ ਦਿਨਾਂ ਲਈ ਦਾਖ਼ਲ ਕਰਨਾ ਪਿਆ। ਪਿਛਲੇ ਤਿੰਨ ਦਿਨਾਂ ਤੋਂ ਉਹ ਪੀਜੀਆਈ ਦੇ ਆਈਸੀਯੂ ਵਾਰਡ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਹੈ। ਅੱਜ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਨ ਲਈ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਪੀਜੀਆਈ ਪਹੁੰਚੇ ਤੇ ਸ੍ਰੀ ਬ੍ਰਹਮਪੁਰਾ ਨਾਲ ਕੁਝ ਸਮੇਂ ਲਈ ਗੱਲਬਾਤ ਵੀ ਕੀਤੀ। ਡਾਕਟਰਾਂ ਨੇ ਦੱਸਿਆ ਕਿ ਸ੍ਰੀ ਬ੍ਰਹਮਪੁਰਾ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਹੈ ਅਤੇ ਮੰਗਲਵਾਰ ਤੱਕ ਉਨ੍ਹਾਂ ਨੂੰ ਛੁੱਟੀ ਦਿੱਤੇ ਜਾਣ ਦੀ ਸੰਭਾਵਨਾ ਹੈ।