ਦਵਿੰਦਰ ਪਾਲਚੰਡੀਗੜ੍ਹ, 4 ਜੁਲਾਈ
ਪੰਜਾਬ ਸਰਕਾਰ ਵੱਲੋਂ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਹ ਐਡਵਾਇਜ਼ਰੀ 7 ਜੁਲਾਈ ਤੋਂ ਲਾਗੂ ਹੋਵੇਗੀ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਚਾਹੇ ਕੋਈ ਵੱਡਾ ਜਾਂ ਨਾਬਾਲਗ ਜੋ ਆਵਾਜਾਈ ਦੇ ਕਿਸੇ ਵੀ ਢੰਗ ਭਾਵ ਸੜਕ, ਰੇਲ ਜਾਂ ਹਵਾਈ ਯਾਤਰਾ ਜ਼ਰੀਏ ਪੰਜਾਬ ਆ ਰਿਹਾ ਹੈ, ਦੀ ਪੰਜਾਬ ਵਿੱਚ ਦਾਖ਼ਲ ਹੋਣ ਸਮੇਂ ਡਾਕਟਰੀ ਜਾਂਚ ਕੀਤੀ ਜਾਏਗੀ ਅਤੇ ਅਜਿਹੇ ਵਿਅਕਤੀ ਨੂੰ ਪੰਜਾਬ ਲਈ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹੇਠ ਦਿੱਤੇ ਕਿਸੇ ਵੀ ਢੰਗ ਤਰੀਕੇ ਰਾਹੀਂ ਖੁਦ ਨੂੰ ਈ-ਰਜਿਸਟਰ ਕਰਨਾ ਹੋਵੇਗਾ। ਜੇ ਵਿਅਕਤੀ ਸੜਕੀ ਯਾਤਰਾ ਰਾਹੀਂ ਆਪਣੇ ਨਿੱਜੀ ਵਾਹਨ ’ਤੇ ਆ ਰਿਹਾ ਹੈ ਤਾਂ ਉਸਨੂੰ ਆਪਣੇ ਮੋਬਾਈਲ ਫੋਨ ’ਤੇ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ ਅਤੇ ਆਪਣੇ ਸਮੇਤ ਯਾਤਰਾ ਦੌਰਾਨ ਉਸ ਨਾਲ ਮੌਜੂਦ ਪਰਿਵਾਰ ਦੇ ਹਰੇਕ ਮੈਂਬਰ ਨੂੰ ਰਜਿਸਟਰ ਕਰਨਾ ਹੋਵੇਗਾ ਅਤੇ ਈ-ਰਜਿਸਟ੍ਰੇਸ਼ਨ ਸਲਿਪ ਡਾਊਨਲੋਡ ਕਰਕੇ ਆਪਣੇ ਵਾਹਨ ਦੇ ਅੱਗੇ ਵਾਲੇ ਸ਼ੀਸ਼ੇ ’ਤੇ ਲਗਾਉਣੀ ਹੋਵੇਗੀ। ਜੇ ਵਿਅਕਤੀ ਜਨਤਕ ਆਵਾਜਾਈ ਜਾਂ ਰੇਲ/ਹਵਾਈ ਯਾਤਰਾ ਰਾਹੀਂ ਆ ਰਿਹਾ ਹੈ ਤਾਂ ਉਸਨੂੰ ਮੋਬਾਇਲ ’ਤੇ ਇਹ ਸਲਿੱਪ ਆਪਣੇ ਕੋਲ ਰੱਖਣੀ ਹੋਵੇਗੀ ਜਾਂ https://cova.punjab.gov.in/registration ਪੋਰਟਲ ’ਤੇ ਲੌਗ ਇਨ ਕਰਕੇ ਕਰਕੇ ਯਾਤਰਾ ਦੌਰਾਨ ਆਪਣੇ ਨਾਲ ਮੌਜੂਦ ਸਾਰੇ ਪਰਿਵਾਰਕ ਮੈਂਬਰਾਂ ਸਮੇਤ ਖੁਦ ਦੀ ਈ-ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਪੰਜਾਬ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਸੂਬੇ ਵਿੱਚ ਦਾਖ਼ਲ ਹੋਣ ਤੋਂ ਬਾਅਦ 14 ਦਿਨਾਂ ਦੇ ਸਵੈ-ਇਕਾਂਤਵਾਸ ਵਿੱਚ ਰਹਿਣਾ ਹੋਵੇਗਾ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਆਪਣੀ ਸਿਹਤ ਦੀ ਸਥਿਤੀ ਬਾਰੇ ਕੋਵਾ ਐਪ ’ਤੇ ਰੋਜ਼ਾਨਾ ਅਪਡੇਟ ਕਰਨਾ ਹੋਵੇਗਾ ਜਾਂ 112 ’ਤੇ ਰੋਜ਼ਾਨਾ ਕਾਲ ਕਰਨੀ ਹੋਵੇਗੀ।