ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਨਵੰਬਰ
ਪੰਜਾਬ ਦੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਨੇ ਬੀਤੇ ਦਿਨ ‘ਪੰਜਾਬ ਦਿਵਸ’ ਮੌਕੇ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਤੱਕ ਕੰਮ ਜਾਰੀ ਰੱਖਣ ਲਈ ਕਿਹਾ ਹੈ। ਬੀਤੇ ਦਿਨ ਦਿਓਲ ਦੇ ਅਸਤੀਫੇ ਬਾਰੇ ਚਰਚੇ ਸ਼ੁਰੂ ਹੋ ਗਏ ਸਨ ਪਰ ਖੁਦ ਐਡਵੋਕੇਟ ਜਨਰਲ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਗੱਲ ਸਾਫ਼ ਹੋ ਗਈ ਹੈ ਕਿ ਐਡਵੋਕੇਟ ਜਨਰਲ ਦਿਓਲ ਨੇ ਅਸਤੀਫਾ ਦੇ ਦਿੱਤਾ ਹੈ ਪਰ ਇਹ ਅਸਤੀਫਾ ਹਾਲੇ ਪ੍ਰਵਾਨ ਨਹੀਂ ਹੋਇਆ ਹੈ। ਐਡਵੋਕੇਟ ਜਨਰਲ ਦਿਓਲ ਨੇ ਆਪਣੇ ਅਸਤੀਫਾ ’ਚ ਕਾਂਗਰਸ ਸਰਕਾਰ ਦਾ ਇਹ ਮੌਕਾ ਦੇਣ ਲਈ ਧੰਨਵਾਦ ਕੀਤਾ ਹੈ ਅਤੇ ਨਿੱਜੀ ਕਾਰਨਾਂ ਦੇ ਹਵਾਲੇ ਨਾਲ ਅਸਤੀਫਾ ਦੇੇਣ ਦੀ ਗੱਲ ਆਖੀ ਗਈ ਹੈ। ਐਡਵੋਕੇਟ ਜਨਰਲ ਨੇ ਪਹਿਲੀ ਨਵੰਬਰ ਨੂੰ ਮੁੱਖ ਮੰਤਰੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਪੰਜਾਬ ਸਰਕਾਰ ਨੇ ਹੁਣ ਨਵੇਂ ਐਡਵੋਕੇਟ ਜਨਰਲ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਚੋਣ ਜ਼ਾਬਤਾ ਲੱਗਣ ਵਿਚ ਬਹੁਤਾ ਸਮਾਂ ਨਹੀਂ ਬਚਿਆ ਹੈ ਜਿਸ ਕਰਕੇ ਨਵੇਂ ਐਡਵੋਕੇਟ ਜਨਰਲ ਨੂੰ ਕਾਰਗੁਜ਼ਾਰੀ ਦਿਖਾਉਣ ਦਾ ਬਹੁਤਾ ਮੌਕਾ ਨਹੀਂ ਮਿਲ ਸਕੇਗਾ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਗਰ ਇਸ ਮੁੱਦੇ ’ਤੇ ਠੰਢੇ ਪੈਂਦੇ ਹਨ ਤਾਂ ਇਹ ਮਾਮਲਾ ਟਲ ਵੀ ਸਕਦਾ ਹੈ। ਪਤਾ ਲੱਗਾ ਹੈ ਕਿ ਐਡਵੋਕੇਟ ਜਨਰਲ ਦਿਓਲ ਨੂੰ ਬਦਲਣ ਬਾਰੇ ਕਾਂਗਰਸ ਹਾਈਕਮਾਨ ਦੀ ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਹੋਈ ਮੀਟਿੰਗ ਵਿਚ ਹੀ ਸਭ ਕੁਝ ਤੈਅ ਹੋ ਗਿਆ ਸੀ। ਐਡਵੋਕੇਟ ਜਨਰਲ ਦਿਓਲ ਨੇ 27 ਸਤੰਬਰ ਨੂੰ ਅਹੁਦਾ ਸੰਭਾਲਿਆ ਸੀ ਅਤੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਨਿਯੁਕਤੀ ਸਿਆਸੀ ਨਿਸ਼ਾਨੇ ’ਤੇ ਰਹੀ ਕਿਉਂਕਿ ਉਹ ਬਹਬਿਲ ਗੋਲੀ ਕਾਂਡ ਵਿਚ ਘਿਰੇ ਪੁਲੀਸ ਅਧਿਕਾਰੀ ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲ ਰਹੇ ਹਨ।