ਪੱਤਰ ਪ੍ਰੇਰਕ
ਪਟਿਆਲਾ, 3 ਨਵੰਬਰ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੈਂਟਰ ਫ਼ਾਰ ਕ੍ਰਾਈਮਨਾਲੋਜੀ, ਕ੍ਰਿਮੀਨਲ ਜਸਟਿਸ ਐਂਡ ਵਿਕਟਿਮਾਲੋਜੀ (ਸੀਸੀਵੀ) ਅਤੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਸਹਿਯੋਗ ਨਾਲ ਕਰਵਾਈ ਤਿੰਨ-ਰੋਜ਼ਾ ਕੌਮਾਂਤਰੀ ਕਾਨਫ਼ਰੰਸ ‘ਸਕਿਓਰਿੰਗ ਜਸਟਿਸ ਟੂ ਵਿਕਟਿਮਜ਼ ਆਫ਼ ਕ੍ਰਾਈਮ’ ਦੀ ਪ੍ਰਧਾਨਗੀ ਕੀਤੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਾਰਤੀ ਨਿਆਂ ਪ੍ਰਣਾਲੀ ’ਤੇ ਚਰਚਾ ਕਰਦਿਆਂ ਵਕੀਲਾਂ ਨੂੰ ਅਪੀਲ ਕੀਤੀ ਕਿ ਉਹ ਗ਼ਰੀਬਾਂ ਅਤੇ ਪੱਛੜੇ ਵਰਗਾਂ ਦੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਸਮਾਂ ਰਾਖਵਾਂ ਰੱਖਣ। ਉਨ੍ਹਾਂ ਕਿਹਾ ਕਿ ਮੁਕੱਦਮੇ ਵਿੱਚ ਦੇਰੀ ਨਿਆਂ ਤੋਂ ਵਾਂਝੇ ਪੀੜਤਾਂ ਦੀ ਸੁਰੱਖਿਆ ਵਿੱਚ ਰੁਕਾਵਟ ਪਾਉਂਦੀ ਹੈ। ਉਨ੍ਹਾਂ ਨੇ ਸੀਸੀਵੀ, ਆਰਜੀਐੱਨਯੂਐੱਲ ਨੂੰ ਇਨਸਾਫ਼ ਦੇ ਪੀੜਤਾਂ ਦੇ ਅਧਿਕਾਰਾਂ ਨਾਲ ਸਬੰਧਤ ਢੁਕਵੇਂ ਮੁੱਦੇ ’ਤੇ ਕਾਨਫ਼ਰੰਸ ਕਰਨ ਲਈ ਵਧਾਈ ਦਿੱਤੀ। ਇੰਡੀਅਨ ਸੁਸਾਇਟੀ ਆਫ਼ ਪੀੜਤ ਵਿਗਿਆਨ ਦੇ ਪ੍ਰਧਾਨ ਅਤੇ ਆਰਜੀਐੱਨਯੂਐੱਲ ਦੇ ਵਾਈਸ ਚਾਂਸਲਰ ਪ੍ਰੋ. ਜੀਐੱਸ ਬਾਜਪਾਈ ਨੇ ਨਿਆਂ ਦੀ ਪਰਿਭਾਸ਼ਾ ਸੱਟ, ਜੁਰਮ ਅਤੇ ਨੁਕਸਾਨ ਤੋਂ ਵਿਚੋਲਗੀ, ਬਹਾਲੀ ਅਤੇ ਮੁਆਵਜ਼ੇ ਵਿੱਚ ਬਦਲ ਗਈ ਹੈ। ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਅਤੇ ਆਰਜੀਐੱਨਯੂਐਲ ਦੇ ਪ੍ਰੋਫੈਸਰ ਜੇ.ਆਰ ਮਿਧਾ ਨੇ ਕਿਹਾ,‘‘ਸਮਕਾਲੀ ਅਪਰਾਧਿਕ ਨਿਆਂ ਪ੍ਰਣਾਲੀ ਦੀ ਮਿਸਾਲ, ਨੈਤਿਕ ਸੰਤੁਲਨ ਨੂੰ ਮੁੜ ਸਥਾਪਿਤ ਕਰਨ ਲਈ ਕੈਦ ਦੁਆਰਾ ਅਪਰਾਧ ਨੂੰ ਸਜ਼ਾ ਦੇਣ ’ਤੇ ਕੇਂਦਰਿਤ ਹੈ।’’ ਆਈਐੱਸਵੀ ਦੇ ਜਨਰਲ ਸਕੱਤਰ ਡਾ. ਵੀ. ਵੈਸ਼ਨਵੀ ਨੇ ਇੰਡੀਅਨ ਸੁਸਾਇਟੀ ਆਫ਼ ਵਿਕਟਿਮਾਲੋਜੀ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਪ੍ਰੋ. ਜੀਐੱਸ ਬਾਜਪਾਈ ਵੱਲੋਂ ਲਿਖੀ ਗਈ ‘ਹੈਂਡ ਬੁੱਕ ਆਫ਼ ਲਾਅਜ਼ ਐਂਡ ਕੇਸ ਲਾਅਜ਼ ਫ਼ਾਰ ਵਿਕਟਿਮਜ਼ ਆਫ਼ ਕ੍ਰਾਈਮ ਅਤੇ ਜਰਨਲ ਫ਼ਾਰ ਵਿਕਟਿਮਾਲੋਜੀ ਐਂਡ ਵਿਕਟਿਮ ਜਸਟਿਸ’ ਰਿਲੀਜ਼ ਕੀਤੀ ਗਈ। ਇਸ ਕਾਨਫ਼ਰੰਸ ਵਿਚ ਭਾਰਤ, ਜਰਮਨੀ ਅਤੇ ਬੰਗਲਾਦੇਸ਼ ਦੇ 200 ਡੈਲੀਗੇਟ 20 ਤਕਨੀਕੀ ਸੈਸ਼ਨਾਂ ਵਿੱਚ ਪੇਪਰ ਪੇਸ਼ ਕਰਨਗੇ।