ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਜੂਨ
ਬਾਘਾਪੁਰਾਣਾ ਦੀ ਮਦਾਰੀ ਮਾਰਕੀਟ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਹਵਾਈ ਫਾਇਰਿੰਗ ਕਰਨ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਮਗਰੋਂ ਨੌਜਵਾਨਾਂ ਨੇ ਕੱਪੜਾ ਵਪਾਰੀ ਨੂੰ ਫੋਨ ’ਤੇ ਧਮਕੀ ਦਿੰਦਿਆਂ 10 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਮੌਕੇ ਡੀਐੱਸਪੀ ਜਸਬਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਘਟਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਮੌਕੇ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ।
ਬਾਘਾਪੁਰਾਣਾ ਦੀ ਮਸ਼ਹੂਰ ਮਦਾਰੀ ਮਾਰਕੀਟ ਵਿੱਚ ਰੈਡੀਮੇਡ ਕੱਪੜਾ ਵਪਾਰੀ ਅਜੈ ਕੁਮਾਰ ਪੁੱਤਰ ਚਿਮਨ ਲਾਲ ਨੇ ਦੱਸਿਆ ਕਿ ਕਰੀਬ ਚਾਰ ਵਜੇ ਉਹ ਆਪਣੀ ਦੁਕਾਨ ’ਤੇ ਬੈਠਾ ਸੀ। ਇਸ ਦੌਰਾਨ ਬਾਹਰੋਂ ਆਈ ਆਵਾਜ਼ ਤੋਂ ਉਸ ਨੂੰ ਲੱਗਾ ਕਿ ਬਾਹਰ ਕਿਸੇ ਵਾਹਨ ਦਾ ਟਾਇਰ ਆਦਿ ਫਟਿਆ ਹੈ ਪਰ ਬਾਹਰ ਨਿਕਲਣ ’ਤੇ ਪਤਾ ਲੱਗਾ ਕਿ ਇਹ ਗੋਲੀ ਦੀ ਆਵਾਜ਼ ਸੀ। ਇਸ ਦੌਰਾਨ ਹੀ ਉਸ ਨੂੰ ਕਿਸੇ ਦਾ ਫੋਨ ਆਇਆ। ਫੋਨ ’ਤੇ ਉਸ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਨਾਲ ਹੀ ਉਸ ਨੂੰ ਧਮਕੀ ਦਿੱਤੀ ਕਿ ਜੇ ਉਸ ਨੂੰ ਸਵੇਰ ਤੱਕ ਪੈਸੇ ਨਾ ਮਿਲੇ ਤਾਂ ਅਗਲੀ ਗੋਲੀ ਉਸ ਨੂੰ ਵੀ ਲੱਗ ਸਕਦੀ ਹੈ। ਇਸ ਮਗਰੋਂ ਸਾਰੀ ਮਾਰਕੀਟ ਵਿੱਚ ਦਹਿਸ਼ਤ ਫੈਲ ਗਈ ਤੇ ਸਾਰੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਪੁਲੀਸ ਨੂੰ ਇਤਲਾਹ ਦੇ ਦਿੱਤੀ।