ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਅਗਸਤ
ਅਤਿਵਾਦੀ ਗਤੀਵਿਧੀਆਂ ਕਾਰਨ ਸੰਕਟ ਵਿੱਚ ਘਿਰੇ ਅਫਗਾਨੀ ਸਿੱਖਾਂ ਨੂੰ ਚਾਰਟਰਡ ਹਵਾਈ ਉਡਾਣਾਂ ਰਾਹੀਂ ਭਾਰਤ ਲਿਆਉਣ ਦੀ ਯੋਜਨਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾਅਵਾ ਕੀਤਾ ਕਿ 12 ਅਗਸਤ ਅਤੇ 17 ਅਗਸਤ ਨੂੰ ਦੋ ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਅਫਗਾਨੀ ਸਿੱਖਾਂ ਨੂੰ ਦਿੱਲੀ ਲਿਆਂਦਾ ਜਾਵੇਗਾ।
ਅਫਗਾਨਿਸਤਾਨ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਸਿੱਖ ਗੁਰਧਾਮ ਅਤੇ ਸਿੱਖ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਉਥੇ ਰਹਿ ਰਹੇ ਸਿੱਖ ਪਰਿਵਾਰ ਭਰੇ ਹੋਏ ਹਨ। ਵਿਸ਼ਵ ਵਿੱਚ ਵੱਸਦੇ ਸਿੱਖਾਂ ਵੱਲੋਂ ਅਫਗਾਨੀ ਸਿੱਖਾਂ ਨੂੰ ਇਸ ਸੰਕਟ ਦੇ ਸਮੇਂ ਵੱਖ ਵੱਖ ਮੁਲਕਾਂ ਵਿਚ ਨਾਗਰਿਕਤਾ ਦਿਵਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅਫਗਾਨਿਸਤਾਨ ਵਿੱਚ ਸੰਕਟ ਵਿੱਚ ਘਿਰੇ ਸਿੱਖ ਪਰਿਵਾਰਾਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਇਸ ਸਬੰਧ ਵਿੱਚ ਭਾਰਤ ਸਰਕਾਰ ਦੀ ਪ੍ਰਵਾਨਗੀ ਨਾਲ ਦੋ ਵਿਸ਼ੇਸ਼ ਭਾਰਤੀ ਹਵਾਈ ਜਹਾਜ਼ ਉਥੋਂ ਅਫਗਾਨੀ ਸਿੱਖਾਂ ਨੂੰ ਦਿੱਲੀ ਲੈ ਕੇ ਆਉਣਗੇ। 12 ਅਗਸਤ ਨੂੰ ਪਹਿਲੀ ਵਿਸ਼ੇਸ਼ ਉਡਾਣ ਰਾਹੀਂ ਕਾਬੁਲ ਤੋਂ 165 ਸਿੱਖ ਵਿਅਕਤੀ ਦਿੱਲੀ ਪੁੱਜਣਗੇ। ਮੁੜ 17 ਅਗਸਤ ਨੂੰ ਇੱਕ ਹੋਰ ਵਿਸ਼ੇਸ਼ ਉਡਾਣ ਰਾਹੀਂ ਹੋਰ ਅਫ਼ਗਾਨੀ ਸਿੱਖਾਂ ਨੂੰ ਵੀ ਦਿੱਲੀ ਲਿਆਂਦਾ ਜਾਵੇਗਾ। ਉਨ੍ਹਾਂ ਦਸਿਆ ਕਿ ਕੁਝ ਦਿਨ ਪਹਿਲਾਂ 12 ਸਿੱਖ ਪਰਿਵਾਰ ਅਫਗਾਨਿਸਤਾਨ ਤੋਂ ਦਿੱਲੀ ਪੁੱਜੇ ਹਨ। ਇਨ੍ਹਾਂ ਦੀ ਸਾਂਭ ਸੰਭਾਲ ਦਾ ਪ੍ਰਬੰਧ ਦਿੱਲੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਅਫਗਾਨਿਸਤਾਨ ਤੋਂ ਸਿੱਖਾਂ ਨੂੰ ਲਿਆਉਣ ਦਾ ਬਾਕੀ ਪ੍ਰਬੰਧ ਵੀ ਦਿੱਲੀ ਕਮੇਟੀ ਕਰ ਰਹੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਸ ਮੁੱਦੇ ’ਤੇ ਮੀਟਿੰਗ ਹੋਈ ਸੀ ਤੇ ਉਨ੍ਹਾਂ ਨੇ ਅਫਗਾਨੀ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਭਰੋਸਾ ਦਿੱਤਾ ਹੈ। ਫਿਲਹਾਲ ਮੌਜੂਦਾ ਸਥਿਤੀ ਵਿਚ ਇਨ੍ਹਾਂ ਅਫਗਾਨੀ ਸਿੱਖਾਂ ਨੂੰ ਲੰਮੀ ਮਿਆਦ ਦੇ ਵੀਜ਼ੇ ਦੇ ਆਧਾਰ ’ਤੇ ਭਾਰਤ ਲਿਆਂਦਾ ਜਾਵੇਗਾ।
ਅਫਗਾਨਿਸਤਾਨ ਵਿੱਚ ਰਹਿ ਰਹੇ ਇਹ ਸਿੱਖਾਂ ਨੂੰ ਕਾਬੁਲ ’ਚ ਇਕੱਠੇ ਹੋਣ ਵਾਸਤੇ ਆਖਿਆ ਗਿਆ ਹੈ, ਜਿਥੋਂ ਭਾਰਤੀ ਹਵਾਈ ਜਹਾਜ਼ ਇਨ੍ਹਾਂ ਨੂੰ ਦਿੱਲੀ ਲੈ ਕੇ ਆਉਣਗੇ। ਦੱਸਣਯੋਗ ਹੈ ਕਿ ਦਿੱਲੀ ਵਿੱਚ 30 ਤੋਂ 40 ਹਜ਼ਾਰ ਦੀ ਗਿਣਤੀ ਵਿੱਚ ਪਹਿਲਾਂ ਹੀ ਅਫਗਾਨੀ ਸਿੱਖ ਕਈ ਵਰ੍ਹਿਆਂ ਤੋਂ ਰਹਿ ਰਹੇ ਹਨ। ਇਨ੍ਹਾਂ ਵਿਚੋਂ ਵਧੇਰੇ ਭਾਰਤੀ ਨਾਗਰਿਕਤਾ ਪ੍ਰਾਪਤ ਕਰ ਚੁੱਕੇ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਵੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਅਫਗਾਨੀ ਸਿੱਖਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਅਫਗਾਨਿਸਤਾਨ ਤੋਂ ਲਿਆਉਣ ਲਈ ਹੋਣ ਵਾਲੇ ਖਰਚੇ ਨੂੰ ਪ੍ਰਵਾਨਗੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦਿੱਲੀ ਕਮੇਟੀ ਨੂੰ ਨਾ ਸਿਰਫ ਸਹਿਯੋਗ ਦਿੱਤਾ ਜਾਵੇਗਾ ਸਗੋਂ ਉਸ ਕੋਲੋਂ ਲੋੜ ਪੈਣ ’ਤੇ ਸਹਿਯੋਗ ਲਿਆ ਵੀ ਜਾਵੇਗਾ। ਸ਼੍ਰੋਮਣੀ ਕਮੇਟੀ ਅਫਗਾਨਿਸਤਾਨ ਵਿਚ ਸੰਕਟ ਵਿਚ ਘਿਰੇ ਸਿੱਖਾਂ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਚਿੰਤਤ ਹਨ।