ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਜਨਵਰੀ
ਇਸਲਾਮਿਕ ਰਿਪਬਲਿਕ ਆਫ਼ ਅਫ਼ਗਾਨਿਸਤਾਨ ਦੇ ਰਾਜਦੂਤ ਫ਼ਰੀਦ ਮਾਮੁਦਜ਼ਈ ਨੇ ਭਾਰਤ-ਅਫ਼ਗਾਨਿਸਤਾਨ ਵਪਾਰ ਲਈ ਦੋਵਾਂ ਮੁਲਕਾਂ ਦੀਆਂ ਪਾਕਿਸਤਾਨ ਨਾਲ ਸੜਕੀ ਰਸਤੇ ਲੱਗਦੀਆਂ ਸਰਹੱਦਾਂ ਖੋਲ੍ਹਣ ਦੀ ਵਕਾਲਤ ਕੀਤੀ ਹੈ। ਉਹ ਪਟਿਆਲਾ ਕਲੱਬ ਵਿੱਚ ਅੱਜ ਇੱਥੋਂ ਦੇ ਉਦਯੋਗਪਤੀਆਂ ਅਤੇ ਅਫ਼ਗਾਨੀ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਪੁੱਜੇ ਸਨ, ਜਿਨ੍ਹਾਂ ਦਾ ਡਿਪਟੀ ਕਮਿਸ਼ਨਰ ਸੰਦੀਪ ਹੰਸ, ਏਡੀਸੀ ਗੁਰਪ੍ਰੀਤ ਥਿੰਦ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅੰਗਦ ਸਿੰਘ ਸੋਹੀ ਨੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅਫ਼ਗਾਨਿਸਤਾਨ ਦੇ ਭਾਰਤ ਨਾਲ ਬਹੁਤ ਪੁਰਾਣੇ ਅਤੇ ਇਤਿਹਾਸਕ ਰਿਸ਼ਤੇ ਹਨ ਤੇ ਉਹ ਇਸ ਰਿਸ਼ਤੇ ਨੂੰ ਹੋਰ ਵਧੇਰੇ ਮਜ਼ਬੂਤ ਕਰਨਾ ਲੋਚਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਫ਼ਗਾਨੀ ਰਾਜਦੂਤ ਨੇ ਕਿਹਾ ਕਿ ਅੜਿੱਕਾ ਮੁਕਤ ਸੜਕੀ ਵਪਾਰ ਨਾਲ ਖਿੱਤੇ ਦੀ ਤਕਦੀਰ ਬਦਲੇਗੀ। ਉਨ੍ਹਾਂ ਕਿਹਾ ਕਿ ਵਪਾਰ ਨਾਲ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਇਰਾਨ ਤੇ ਸੈਂਟਰਲ ਏਸ਼ੀਆ ਨੂੰ ਵੀ ਸਿੱਧਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੱਖ-ਵੱਖ ਥਾਵਾਂ ’ਤੇ ਅਫ਼ਗਾਨੀ ਵਿਦਿਆਰਥੀ ਪੜ੍ਹਦੇ ਹਨ ਤੇ ਪਟਿਆਲਾ ਵਿੱਚ ਵੀ 200 ਦੇ ਕਰੀਬ ਅਫ਼ਗਾਨੀ ਵਿਦਿਆਰਥੀ ਹਨ, ਜਿਨ੍ਹਾਂ ਨੂੰ ਉਹ ਅੱਜ ਮਿਲਣ ਆਏ ਹਨ। ਵਿਦਿਆਰਥੀਆਂ ਮਗਰੋਂ ਫ਼ਰੀਦ ਮਾਮੁਦਜ਼ਈ ਨੇ ਪਟਿਆਲਾ ਦੇ ਉਦਯੋਗਪਤੀਆਂ ਅਤੇ ਹੋਰ ਉਦਮੀਆਂ ਨਾਲ ਮੁਲਾਕਾਤ ਕਰਕੇ ਅਫ਼ਗਾਨਿਸਤਾਨ ਤੇ ਪਟਿਆਲਾ ਦੇ ਉਦਯੋਗਾਂ ਦਰਮਿਆਨ ਸਬੰਧਾਂ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ। ਉਨ੍ਹਾਂ ਨਾਲ ਅਫ਼ਗਾਨ ਅੰਬੈਸੀ ਦੇ ਕੌਂਸਲਰ ਕਾਦਿਰ ਸ਼ਾਹ, ਚਾਰੂ ਦਾਸ ਅਤੇ ਹੋਰ ਅਧਿਕਾਰੀ ਮੌਜੂਦ ਸਨ।