ਦਰਸ਼ਨ ਸਿੰਘ ਸੋਢੀ/ਜੋਗਿੰਦਰ ਸਿੰਘ ਮਾਨ
ਮੁਹਾਲੀ/ਮਾਨਸਾ, 10 ਸਤੰਬਰ
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਪੱਛਮੀ ਬੰਗਾਲ-ਨੇਪਾਲ ਸਰਹੱਦ ’ਤੇ ਗ੍ਰਿਫ਼ਤਾਰ ਕਰਨ ਮਗਰੋਂ ਅੱਜ ਦੇਰ ਰਾਤ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਮੁਹਾਲੀ ਏਅਰਪੋਰਟ ’ਤੇ ਲੈ ਕੇ ਪਹੁੰਚੀ। ਉਸ ਦੇ ਦੋ ਸਾਥੀਆਂ ਰਜਿੰਦਰ ਜੋਕਰ ਅਤੇ ਕਪਿਲ ਪੰਡਿਤ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਤਿੰਨੋਂ ਜਾਅਲੀ ਪਾਸਪੋਰਟ ਰਾਹੀਂ ਨੇਪਾਲ ਦੇ ਰਸਤੇ ਵਿਦੇਸ਼ ਭੱਜਣ ਦੀ ਤਾਕ ਵਿੱਚ ਸਨ। ਜਾਣਕਾਰੀ ਅਨੁਸਾਰ ਤਿੰਨੋਂ ਮੁਲਜ਼ਮਾਂ ਨੂੰ ਭਲਕੇ ਐਤਵਾਰ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੁਲੀਸ ਪਾਰਟੀ ਰਾਤ ਕਰੀਬ 11 ਵਜੇ ਲੈ ਕੇ ਰਵਾਨਾ ਹੋਈ। ਤਿੰਨਾਂ ਮੁਲਜ਼ਮਾਂ ਨੂੰ ਵੱਖੋ-ਵੱਖ ਵਾਹਨਾਂ ਵਿੱਚ ਲਿਜਾਇਆ ਗਿਆ ਹੈ। ਉਧਰ, ਗੋਲਡੀ ਬਰਾੜ ਨੇ ਆਪਣੇ ਪੇਜ ’ਤੇ ਇਹ ਪੋਸਟ ਪਾ ਕੇ ਸਪੱਸ਼ਟ ਕੀਤਾ ਹੈ ਕਿ ਮੂਸੇਵਾਲਾ ਕਤਲ ਮਾਮਲੇ ਵਿੱਚ ਫੜੇ ਗਏ ਬੰਦਿਆਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਪੋਸਟ ਵਿੱਚ ਤਿੰਨਾਂ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਮੁਕਾਉਣ ਦਾ ਖਦਸ਼ਾ ਵੀ ਪ੍ਰਗਟਾਇਆ ਹੈ।
ਇਸ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਸੀ ਕਿ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ, ਦਿੱਲੀ ਪੁਲੀਸ ਅਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਅਪਰੇਸ਼ਨ ’ਚ ਮੁੰਡੀ ਹੱਥੇ ਚੜ੍ਹਿਆ ਹੈ। ਮੂਸੇਵਾਲਾ ਦੀ ਹੱਤਿਆ ਦੇ 100 ਦਿਨਾਂ ਬਾਅਦ ਮੁੰਡੀ ਕਾਬੂ ਕੀਤਾ ਗਿਆ ਹੈ। ਮੁੰਡੀ ਨਾਲ ਫੜੇ ਗਏ ਦੋ ਸਾਥੀਆਂ ’ਤੇ ਦੋਸ਼ ਹੈ ਕਿ ਉਨ੍ਹਾਂ ਸ਼ੂਟਰਾਂ ਨੂੰ ਪਨਾਹ ਦੇਣ ਤੋਂ ਇਲਾਵਾ ਹਥਿਆਰ ਮੁਹੱਈਆ ਕਰਵਾਏ ਸਨ। ਡੀਜੀਪੀ ਨੇ ਟਵੀਟ ਕਰਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਅਤੇ ਗੈਂਗਸਟਰਾਂ ਖ਼ਿਲਾਫ਼ ਜੰਗ ’ਚ ਵੱਡੀ ਜਿੱਤ ਹਾਸਲ ਹੋਈ ਹੈ। ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਇਹ ਅਪਰੇਸ਼ਨ ਸਿਰੇ ਚੜ੍ਹਿਆ। ਉਨ੍ਹਾਂ ਦੱਸਿਆ ਕਿ ਦੀਪਕ ਮੁੰਡੀ ਬੋਲੈਰੋ ’ਚ ਹੋਰ ਸ਼ੂਟਰਾਂ ਨਾਲ ਸਵਾਰ ਸੀ ਜਦਕਿ ਕਪਿਲ ਪੰਡਿਤ ਅਤੇ ਰਾਜਿੰਦਰ ਨੇ ਉਸ ਨੂੰ ਪਨਾਹ ਦੇਣ ਦੇ ਨਾਲ ਨਾਲ ਇਲਾਕੇ ਦੀ ਜਾਣਕਾਰੀ ਦਿੱਤੀ ਅਤੇ ਹਥਿਆਰ ਮੁਹੱਈਆ ਕਰਵਾਏ ਸਨ। ਉਧਰ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਹੋਰ ਕਾਤਲਾਂ ਵਾਂਗ ਮੁੰਡੀ ਨੂੰ ਵੀ ਲਿਆ ਕੇ ਛੇਤੀ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਦੀਪਕ ਮੁੰਡੀ ਦੇ ਪਿੱਛੇ ਲੰਬੇ ਸਮੇਂ ਤੋਂ ਪੁਲੀਸ ਲੱਗੀ ਹੋਈ ਸੀ ਅਤੇ ਉਹ ਕਈ ਵਾਰ ਪੁਲੀਸ ਦੇ ਹੱਥ ਆਉਂਦਾ-ਆਉਂਦਾ ਬਚਿਆ ਸੀ।
ਰੂਪਾ ਤੇ ਮਨੂ ਨੂੰ ਪਨਾਹ ਦੇਣ ਵਾਲਾ ਕਾਬੂ
ਐਸ ਏ ਐਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਜ਼ਿਲ੍ਹਾ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਇੱਕ ਸਰਗਰਮ ਮੈਂਬਰ ਮਨਪ੍ਰੀਤ ਸਿੰਘ ਉਰਫ਼ ਭੀਮਾ (ਵਾਸੀ ਵਿਸ਼ਵਕਰਮਾ ਰੋਡ ਦੋਰਾਹਾ, ਜ਼ਿਲ੍ਹਾ ਲੁਧਿਆਣਾ) ਨੂੰ ਗ੍ਰਿਫ਼ਤਾਰ ਕੀਤਾ ਹੈ। ਮਨਪ੍ਰੀਤ ਭੀਮਾ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਦੋ ਸ਼ੂਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮਨੂ ਕੁੱਸਾ ਨੂੰ ਵਾਰਦਾਤ ਤੋਂ ਪਹਿਲਾਂ ਆਪਣੇ ਖਰੜ ਵਾਲੇ ਘਰ ਵਿੱਚ ਪਨਾਹ ਦਿੱਤੀ ਸੀ। ਦੋਵੇਂ ਸ਼ੂਟਰ 20 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਸਨ। ਪੁਲੀਸ ਨੇ ਭੀਮਾ ਕੋਲੋਂ 11 ਪਿਸਤੌਲ, ਤਿੰਨ ਕਾਰਤੂਸ ਅਤੇ ਇੱਕ ਬੀਐੱਮਡਬਲਿਊ ਕਾਰ ਬਰਾਮਦ ਕੀਤੀ ਹੈ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਮਨਪ੍ਰੀਤ ਸਿੰਘ ਉਰਫ਼ ਭੀਮਾ ਨੂੰ ਕ੍ਰਿਸਚਨ ਹਾਈ ਸਕੂਲ ਟੀ-ਪੁਆਇੰਟ ਖਰੜ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਥਾਣਾ ਸਿਟੀ ਖਰੜ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਥਾਣਾ ਕੂਮ ਕਲ੍ਹਾਂ, ਜ਼ਿਲ੍ਹਾ ਲੁਧਿਆਣਾ ਅਤੇ ਥਾਣਾ ਸਦਰ ਖਰੜ ਵਿੱਚ ਕੇਸ ਦਰਜ ਹਨ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਭੀਮਾ, ਸੁਨੀਲ ਕੁਮਾਰ ਉਰਫ਼ ਮੋਨੂ ਗੁੱਜਰ ਵਾਸੀ ਪਿੰਡ ਹਾਜੀਪੁਰ (ਹੁਸ਼ਿਆਰਪੁਰ), ਜਸਮੀਤ ਸਿੰਘ ਉਰਫ਼ ਲੱਕੀ ਵਾਸੀ ਰਾਏਪੁਰ (ਹੁਸ਼ਿਆਰਪੁਰ) ਅਤੇ ਨਿਖਿਲ ਕਾਂਤ ਸ਼ਰਮਾ ਵਾਸੀ ਮੁਹੱਲਾ ਰੂਪ ਚੰਦ (ਪਟਿਆਲਾ) ਦਾ ਪੁਰਾਣਾ ਸਾਥੀ ਹੈ। ਉਨ੍ਹਾਂ ਦੱਸਿਆ ਕਿ ਅਸਲੇ ਦੀ ਸਪਲਾਈ ਅਸ਼ਵਨੀ ਕੁਮਾਰ ਉਰਫ਼ ਸਰਪੰਚ ਵਾਸੀ ਪਿੰਡ ਖਿੱਜਰਪੁਰ (ਕੁਰੂਕਸ਼ੇਤਰ) ਨੇ ਮਨਪ੍ਰੀਤ ਸਿੰਘ ਉਰਫ਼ ਭੀਮਾ ਸਮੇਤ ਇਨ੍ਹਾਂ ਤਿੰਨਾਂ ਨੂੰ ਕੀਤੀ ਸੀ। ਅਸ਼ਵਨੀ ਨੂੰ ਪਹਿਲਾਂ ਹੀ ਥਾਣਾ ਸਦਰ ਖਰੜ ਵਿੱਚ ਦਰਜ ਪਰਚੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁਲਜ਼ਮ ਕੋਲੋਂ ਬਰਾਮਦ ਪਿਸਤੌਲਾਂ ਵਿੱਚੋਂ ਇੱਕ ਪਿਸਤੌਲ 9 ਐਮਐਮ (ਮੇਡ ਇਨ ਆਸਟਰੇਲੀਆ) ਬਾਰੇ ਪਤਾ ਕੀਤਾ ਜਾ ਰਿਹਾ ਹੈ। ਐੱਸਐੱਸਪੀ ਸੋਨੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਬਰਾਮਦ ਬੀਐੱਮਡਬਲਿਊ ਕਾਰ ਜਸਮੀਤ ਸਿੰਘ ਉਰਫ਼ ਲੱਕੀ ਦੇ ਨਾਮ ’ਤੇ ਹੈ ਅਤੇ ਇਹ ਕਾਰ ਨਸ਼ੇ ਅਤੇ ਅਸਲੇ ਦੀ ਸਪਲਾਈ ਲਈ ਵਰਤੀ ਜਾਂਦੀ ਸੀ।