ਜੈਸਮੀਨ ਭਾਰਦਵਾਜ/ਦੀਪਕਮਲ ਕੌਰ
ਨਾਭਾ/ਕਪੂਰਥਲਾ, 4 ਜਨਵਰੀ
ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਸਾਲ 2015 ਨਾਲ ਸਬੰਧਤ ਐੱਨਡੀਪੀਐੱਸ ਐਕਟ ਤਹਿਤ ਦਰਜ ਕੇਸ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਕਪੂਰਥਲਾ ਪੁਲੀਸ ਨੇ ਇੱਕ ਵੱਖਰੇ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਖਹਿਰਾ ਖ਼ਿਲਾਫ਼ ਅੱਜ ਤੜਕੇ ਇੱਥੋਂ ਦੇ ਸੁਭਾਨਪੁਰ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਹਾਈ ਕੋਰਟ ਨੇ ਖਹਿਰਾ ਨੂੰ ਐੱਨਡੀਪੀਐੱਸ ਦੇ ਕੇਸ ’ਚ ਪੱਕੀ ਜ਼ਮਾਨਤ ਦਿੱਤੀ ਸੀ।
ਮਿਲੀ ਜਾਣਕਾਰੀ ਅਨੁਸਾਰ ਖਹਿਰਾ ਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸੁਭਾਨਪੁਰ ਥਾਣੇ ’ਚ ਆਈਪੀਸੀ ਦੀ ਧਾਰਾ 195 ਏ ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਖਹਿਰਾ ਨੂੰ ਜੁਡੀਸ਼ਲ ਮੈਜਿਸਟ੍ਰੇਟ ਸੁਪ੍ਰੀਤ ਕੌਰ ਦੀ ਅਦਾਲਤ ’ਚ ਪੇਸ਼ ਕਰਕੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਇੱਕ ਰੋਜ਼ਾ ਪੁਲੀਸ ਹਿਰਾਸਤ ਦੀ ਇਜਾਜ਼ਤ ਦਿੱਤੀ ਹੈ। ਪੁਲੀਸ ਵੱਲੋਂ ਰਣਜੀਤ ਕੌਰ ਪਤਨੀ ਕਸ਼ਮੀਰ ਕੌਰ ਵਾਸੀ ਡੋਗਰਾਂਵਾਲਾ ਪਿੰਡ, ਕਪੂਰਥਲਾ ਦੀ ਸ਼ਿਕਾਇਤ ’ਤੇ ਕੇਸ ਕੀਤਾ ਗਿਆ ਹੈ। ਉਸ ਦਾ ਪਤੀ ਕਸ਼ਮੀਰ ਸਿੰਘ ਖਹਿਰਾ ਖ਼ਿਲਾਫ਼ 2015 ਦੇ ਕੇਸ ਵਿੱਚ ਮੁੱਖ ਗਵਾਹ ਹੈ।