ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ
ਇੱਥੇ ਮੇਲਾ ਮਾਘੀ ਮੌਕੇ ਦੋ ਹਫ਼ਤੇ ਚੱਲਣ ਵਾਲੀ ਕੌਮੀ ਘੋੜਾ ਮੰਡੀ ’ਚ ਇਸ ਵਾਰ ਚੰਗੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਮੰਡੀ ਵਿੱਚ ਦਿੱਲੀ, ਮੁੰਬਈ, ਗਾਜ਼ੀਆਬਾਦ, ਜੈਪੁਰ ਤੇ ਕਾਠਿਆਵਾੜ ਸਣੇ ਦੇਸ਼ ਦੇ ਹੋਰ ਹਿੱਸਿਆਂ ਤੋਂ ਘੋੜਿਆਂ ਦੇ ਖਰੀਦਦਾਰ ਪਹੁੰਚੇ ਹਨ। ਵੇਚਣ ਵਾਲਿਆਂ ’ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਪਸ਼ੂ ਪਾਲਕ ਸ਼ਾਮਲ ਹਨ। ਘੋੜਾ ਪਾਲਕਾਂ ਦਾ ਕਹਿਣਾ ਹੈ ਕਿ ਨਵੰਬਰ 2016 ਵਿੱਚ ਲੱਗੀ ਨੋਟਬੰਦੀ ਤੋਂ ਬਾਅਦ ਅਜਿਹੀ ਰੌਣਕ ਪਹਿਲੀ ਵਾਰ ਲੱਗੀ ਹੈ। ਕਰੋਨਾ ਕਾਰਨ ਲੱਗੇ ਲੌਕਡਾਊਨ ਨੇ ਵੀ ਪਸ਼ੂਆਂ ਦੇ ਵਪਾਰ ’ਤੇ ਸੱਟ ਮਾਰੀ ਸੀ ਅਤੇ ਅਜੇ ਵੀ ਇਸ ਦਾ ਸੰਕਟ ਬਣਿਆ ਹੋਇਆ ਹੈ। ਸਿੱਧੂ ਮਾਡਲ ਫਾਰਮ ਦੇ ਸਿਰਬੀਰਇੰਦਰ ਸਿੰਘ ਸਿੱਧੂ, ਹਿੰਮਤ ਸਿੰਘ ਸਿੱਧੂ ਅਤੇ ਪ੍ਰੀਤ ਸਟੱਡ ਫਾਰਮ ਦੇ ਗੁਰਮੇਲ ਸਿੰਘ ਪਟਵਾਰੀ ਨੇ ਦੱਸਿਆ ਕਿ ਮੰਡੀ ਵਿੱਚ 50 ਹਜ਼ਾਰ ਰੁਪਏ ਤੋਂ ਲੈ ਕੇ 11 ਕਰੋੜ ਰੁਪਏ ਤੱਕ ਦੀ ਕੀਮਤ ਦੇ ਘੋੜੇ-ਘੋੜੀਆਂ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਨੁੱਕਰੇ ਘੋੜੇ ਦਾ ਚਿੱਟਾ ਰੰਗ ਹੋਣ ਕਰ ਕੇ ਉਸ ਦੀ ਫਿਲਮਾਂ ਤੇ ਵਿਆਹਾਂ ਵਿੱਚ ਬਹੁਤ ਮੰਗ ਹੈ। ਮਾਰਵਾੜੀ ਘੋੜੇ ਦਾ ਸਿੱਧੇ ਖੜ੍ਹੇ ਹੋਣਾ ਅਤੇ ਜੁੜੇ ਹੋਏ ਕੰਨ ਉਸ ਦੀ ਕਾਬਲੀਅਤ ਦੀ ਪਛਾਣ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਦੇਸੀ ਤੇ ਮਾਰਵਾੜੀ ਘੋੜੇ ਦੌੜਾਂ ਵਾਸਤੇ ਕਾਮਯਾਬ ਹਨ। ਦਾਦਰੀ ਦੇ ‘ਬੁਰਜ ਖ਼ਲੀਫਾ’ ਦਾ ਮੁੱਲ ਕਰੋੜਾਂ ’ਚ ਹੈ। ਇਸ ਦੌਰਾਨ ਬਰਾੜ ਸਟੱਡ ਫਾਰਮ ਦੇ ਜਗਦੀਪ ਸਿੰਘ ਦਾ ਘੋੜਾ ‘ਜਿਓਣਾ’, ਸਿੱਧੂ ਮਾਡਲ ਫਾਰਮ ਅਤੇ ਬਾਦਲ ਸਣੇ ਹੋਰ ਦਰਜਨਾਂ ਸਟੱਡ ਫਾਰਮਾਂ ਦੇ ਘੋੜੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ।