ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਸਤੰਬਰ
ਕਿ੍ਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ’ਤੇ ਹਮਲੇ ਦੇ ਮਾਮਲੇ ਦੀ ਜਾਂਚ ਲਈ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ ਦਾ ਗਠਨ ਮੁੱਖ ਮੰਤਰੀ ਦੇ ਹੁਕਮਾਂ ’ਤੇ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ’ਤੇ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। ਦੱਸਣਯੋਗ ਹੈ ਕਿ ਕਿ੍ਕਟਰ ਦੇ ਫੁੱਫੜ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਪੁੱਤਰ ਦੀ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਸੋਮਵਾਰ ਨੂੰ ਮੌਤ ਹੋ ਗਈ ਸੀ। ਇਸ ਹਮਲੇ ਵਿੱਚ ਉਨ੍ਹਾਂ ਤੋਂ ਇਲਾਵਾ ਤਿੰਨ ਜਣੇ ਹੋਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚ ਅਸ਼ੋਕ ਕੁਮਾਰ ਦੀ ਪਤਨੀ ਆਸ਼ਾ ਰਾਣੀ ਵੀ ਸ਼ਾਮਲ ਹੈ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡੀਜੀਪੀ ਨੇ ਕਿਹਾ ਕਿ ਅਪਰਾਧ ਰੋਕੂ ਯੂਨਿਟ ਦੀਆਂ ਟੀਮਾਂ ਵੀ ਮਾਮਲੇ ਦੀ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਬੀਤੇ ਵਿੱਚ ਇਸ ਤਰ੍ਹਾਂ ਦੇ ਅਪਰਾਧਾਂ ਵਿੱਚ ਸ਼ਾਮਲ ਸ਼ੱਕੀ ਲੋਕਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੱਕ ਦੇ ਆਧਾਰ ’ਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਪ੍ਰਦੇਸ਼ ਦੇ ਕੁਝ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੇ ਮੋਬਾਈਲ ਨੰਬਰਾਂ ਅਤੇ ਟਿਕਾਣਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗੁਰਦਾਸਪੁਰ, ਤਰਨਤਾਰਨ ਅਤੇ ਅੰਮਿ੍ਤਸਰ ਵਿੱਚ ਸਥਾਨਕ ਪੁਲੀਸ ਦੀ ਮਦਦ ਨਾਲ ਛਾਪੇ ਮਾਰੇ ਗਏ ਹਨ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਚਲਿਆ ਹੈ ਕਿ ਇਸ ਹਮਲੇ ਪਿੱਛੇ ਡੀਨੋਟੀਫਾਈਡ ਅਪਰਾਧੀ ਕਬੀਲੇ ਦੇ ਲੋਕਾਂ ਦਾ ਹੱਥ ਹੈ ਤੇ ਮੁਲਜ਼ਮਾਂ ਦੀ ਗੁਆਂਢ ਦੇ ਤਿੰਨ ਹੋਰਨਾਂ ਮਕਾਨਾਂ ਵਿੱਚ ਦਾਖਲ ਹੋਣ ਤੇ ਲੁੱੱਟ ਕਰਨ ਦੀ ਯੋਜਨਾ ਸੀ।
ਇਸ ਤੋਂ ਪਹਿਲਾਂ ਅੱਜ ਕ੍ਰਿਕਟਰ ਸੁਰੇਸ਼ ਰੈਣਾ ਨੇ ਪੰਜਾਬ ਵਿਚ ਆਪਣੀ ਭੂਆ ਦੇ ਪਰਿਵਾਰ ’ਤੇ ਹਮਲੇ ਦੀ ਜਾਂਚ ਦੀ ਮੰਗ ਕਰਦਿਆਂ ਖੁਲਾਸਾ ਕੀਤਾ ਸੀ ਕਿ ਉਸ ਦੇ ਫੁਫੜ ਦੀ ਮੌਤ ਤੋਂ ਬਾਅਦ ਹੁਣ ਉਸ ਦੀ ਭੂਆ ਦੇ ਲੜਕੇ ਦੀ ਵੀ ਮੌਤ ਹੋ ਗਈ ਹੈ। 33 ਸਾਲਾ ਖਿਡਾਰੀ ਪਿਛਲੇ ਹਫਤੇ ਨਿੱਜੀ ਕਾਰਨਾਂ ਕਰਕੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੋਂ ਬਾਹਰ ਹੋ ਕੇ ਦੇਸ਼ ਪਰਤ ਆਇਆ ਸੀ। ਆਈਪੀਐੱਲ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ 19 ਸਤੰਬਰ ਤੋਂ ਖੇਡੀ ਜਾਏਗੀ। ਰੈਣਾ ਨੇ ਹਾਲਾਂਕਿ ਟਵਿੱਟਰ ‘ਤੇ ਆਪਣੇ ਬਿਆਨ ਵਿਚ ਇਹ ਨਹੀਂ ਕਿਹਾ ਕਿ ਹਮਲੇ ਦੇ ਕਾਰਨ ਹੀ ਉਹ ਆਈਪੀਐੱਲ ਤੋਂ ਵਾਪਸ ਆਇਆ ਹੈ ਜਾਂ ਨਹੀ। ਪਠਾਨਕੋਟ ਵਿਚ ਉਸ ਦੀ ਭੂਆ ਦੇ ਪਰਿਵਾਰ ‘ਤੇ ਹਮਲੇ ਦਾ ਕਾਰਨ ਲੁੱਟ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਉਸ ਨੇ ਕਿਹਾ, “ਪੰਜਾਬ ਵਿਚ ਮੇਰੇ ਪਰਿਵਾਰ ਨਾਲ ਜੋ ਵਾਪਰਿਆ ਉਹ ਬਹੁਤ ਭਿਆਨਕ ਹੈ।” ਮੇਰਾ ਫੁੱਫੜ ਮਾਰਿਆ ਗਿਆ ਹੈ, ਮੇਰੀ ਭੂਆ ਤੇ ਉਨ੍ਹਾਂ ਦੇ ਦੋ ਲੜਕੇ ਗੰਭੀਰ ਜ਼ਖਮੀ ਸਨ। ਬਦਕਿਸਮਤੀ ਨਾਲ ਉਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ ਹੈ। ਮੇਰੀ ਭੂਆ ਦੀ ਹਾਲਤ ਗੰਭੀਰ ਹੈ। ‘ਰੈਣਾ ਦੇ ਰਿਸ਼ਤੇਦਾਰਾਂ ‘ਤੇ 19 ਅਤੇ 20 ਅਗਸਤ ਦੀ ਰਾਤ ਨੂੰ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਥਰਿਆਲ ਪਿੰਡ ਵਿਖੇ ਹਮਲਾ ਕੀਤਾ ਗਿਆ ਸੀ। ਰੈਣਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਦੇ ਹੋਏ ਲਿਖਿਆ, “ਅੱਜ ਤੱਕ ਸਾਨੂੰ ਨਹੀਂ ਪਤਾ ਕਿ ਉਸ ਰਾਤ ਕੀ ਹੋਇਆ ਅਤੇ ਕਿਸ ਨੇ ਕੀਤਾ। ਮੈਂ ਪੰਜਾਬ ਪੁਲੀਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕਰਦਾ ਹਾਂ। ਅਸੀਂ ਘੱਟੋ ਘੱਟ ਇਹ ਜਾਣਨ ਦੇ ਹੱਕਦਾਰ ਹਾਂ ਕਿ ਉਨ੍ਹਾਂ ਨਾਲ ਕਿਸ ਨੇ ਇਹ ਘਿਣਾਉਣਾ ਕੰਮ ਕੀਤਾ। ਇਨ੍ਹਾਂ ਅਪਰਾਧੀਆਂ ਨੂੰ ਹੋਰ ਜੁਰਮ ਕਰਨ ਲਈ ਬਖਸ਼ਿਆ ਨਹੀਂ ਜਾਣਾ ਚਾਹੀਦਾ। ”