ਰਵੇਲ ਸਿੰਘ ਭਿੰਡਰ
ਪਟਿਆਲਾ, 4 ਜਨਵਰੀ
ਸਾਲਾਂਬੱਧੀ ਨਹੁੰ-ਮਾਸ ਦੇ ਰਿਸ਼ਤੇ ’ਚ ਬੱਝੀਆਂ ਰਹੀਆਂ ਭਾਜਪਾ ਤੇ ਅਕਾਲੀ ਦਲ ਦਾ ਸਾਂਝਾ ਸਿਆਸੀ ਨਜ਼ਲਾ ਇੱਕ ਵਾਰ ਫਿਰ ਕਾਂਗਰਸ ਖ਼ਿਲਾਫ਼ ਚੜ੍ਹਨ ਲੱਗਾ ਹੈ। ਦੋਵੇਂ ਪਾਰਟੀਆਂ ਦਾ ਗਿਲਾ ਹੈ ਕਿ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਕਿਸਾਨਾਂ ਤੇ ਆਮ ਲੋਕਾਂ ਵੱਲੋਂ ਅਕਾਲੀ-ਭਾਜਪਾ ਦਾ ਕੀਤਾ ਜਾ ਰਿਹਾ ਵਿਰੋਧ ਕਾਂਗਰਸ ਦੇ ਇਸ਼ਾਰੇ ’ਤੇ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਟਿਆਲਾ ਫੇਰੀ ਦੌਰਾਨ ਸੱਪਸ਼ਟ ਆਖਿਆ ਕਿ ਪਿੰਡਾਂ ’ਚ ਅਕਾਲੀ ਦਲ ਦਾ ਵਿਰੋਧ ਕਾਂਗਰਸ ਵਾਲੇ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਇਸ਼ਾਰੇ ’ਤੇ ਹੋ ਰਹੇ ਵਿਰੋਧ ਤੋਂ ਡਰਨ ਵਾਲੇ ਨਹੀਂ। ਅਕਾਲੀ ਦਲ (ਬਾਦਲ) ਦੇ ਕਾਂਗਰਸ ਖ਼ਿਲਾਫ਼ ਝਾੜੇ ਗਏ ਅਜਿਹੇ ਨਜ਼ਲੇ ਤੋਂ ਚਿੰਤਕਾਂ ਦਾ ਕਹਿਣਾ ਹੈ ਕਿ ਆਖ਼ਿਰ ਦੋਵੇਂ ਪਾਰਟੀਆਂ ਵੱਖ ਵੱਖ ਹੋਣ ਮਗਰੋਂ ਵੀ ਕਾਂਗਰਸ ਖ਼ਿਲਾਫ਼ ਇੱਕਮਤ ਹਨ। ਦੋਵੇਂ ਪਾਰਟੀਆਂ ਪੰਜਾਬ ’ਚ ਹੋ ਰਹੇ ਸਿਆਸੀ ਵਿਰੋਧ ਲਈ ਕਾਂਗਰਸ ਨੂੰ ਹੀ ਜ਼ਿੰਮੇਵਾਰ ਗਰਦਾਨ ਰਹੀਆਂ ਹਨ। ਚਿੰਤਕਾਂ ਦਾ ਕਹਿਣਾ ਹੈ ਕਿ ਜਾਪਦਾ ਹੈ ਕਿ ਸਾਲਾਂਬੱਧੀ ਨਹੁੰ-ਮਾਸ ਦੇ ਰਿਸ਼ਤੇ ’ਚ ਬੱਝੀਆਂ ਰਹੀਆਂ ਦੋਵੇਂ ਪਾਰਟੀਆਂ ਕਾਂਗਰਸ ਨੂੰ ਕਟਹਿਰੇ ’ਚ ਖੜ੍ਹਾ ਰਹੀਆਂ ਹਨ। ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ਦੇ ਲਮਕਣ ’ਤੇ ਸੂਬੇ ਅੰਦਰ ਭਾਜਪਾ ਸਮੇਤ ਹੋਰ ਸਿਆਸੀ ਧਿਰਾਂ ਖ਼ਿਲਾਫ਼ ਲੋਕ ਰੋਹ ਹੋਰ ਵੀ ਵਧੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਪਿੰਡਾਂ ’ਚ ਕਿਸਾਨ ਅੰਦੋਲਨ ਦੀ ਹਮਾਇਤ ਵਜੋਂ ਸਿਆਸੀ ਆਗੂਆਂ ਦੇ ਬਾਈਕਾਟ ਦੇ ਸੱਦੇ ਦਿੰਦੇ ਬੋਰਡ ਲੱਗ ਰਹੇ ਹਨ ਅਤੇ ਪਿੰਡਾਂ ’ਚ ਆਉਣ ’ਤੇ ਉਨ੍ਹਾਂ ਦਾ ਨਾਅਰੇਬਾਜ਼ੀ ਨਾਲ ਵਿਰੋਧ ਹੋ ਰਿਹਾ ਹੈ।