ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ
ਖੇਤੀਬਾੜੀ ਵਿਭਾਗ ਦੇ ਇਕ ਏਡੀਓ ਨੂੰ ਨਮੂਨੇ ਬਦਲਣ ਦੇ ਮਾਮਲੇ ਵਿੱਚ ਵਿਭਾਗ ਵੱਲੋਂ ਮੁਅੱਤਲ ਕਰਨ ਤੋਂ ਬਾਅਦ ਬਹਾਲ ਕਰਨ ਦੇ ਮਾਮਲੇ ਵਿੱਚ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਮੁੱਖ ਖੇਤੀਬਾੜੀ ਦਫ਼ਤਰ ਅੱਗੇ 12 ਸਤੰਬਰ ਤੋਂ ਧਰਨਾ ਦੇਣ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਮਰਨ ਵਰਤ ’ਤੇ ਬੈਠ ਗਏ ਸਨ। ਇਸ ਤਹਿਤ ਅੱਜ ਆਈਜੀ ਪ੍ਰਦੀਪ ਕੁਮਾਰ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੰਦਿਆਂ ਮਰਨ ਵਰਤ ਮੁਲਤਵੀ ਕਰਵਾ ਦਿੱਤਾ ਹੈ| ਸੁਖਦੇਵ ਸਿੰਘ ਨੇ ਕਿਹਾ ਕਿ ਜੇਕਰ 30 ਸਤੰਬਰ ਤੱਕ ਗ੍ਰਿਫ਼ਤਾਰੀ ਨਹੀਂ ਹੁੰਦੀ ਤਾਂ ਪੰਜਾਬ ਪੱਧਰ ’ਤੇ ਮੁਜ਼ਾਹਰਾ ਕੀਤਾ ਜਾਵੇਗਾ ਤੇ ਉਦੋਂ ਤੱਕ ਸ਼ਾਂਤਮਈ ਧਰਨਾ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਨੇ ਦੱਸਿਆ ਕਿ ਏਡੀਓ ਸੰਦੀਪ ਬਹਿਲ ਵੱਲੋਂ ਨਮੂਨੇ ਬਦਲਣ ਦੇ ਮਾਮਲੇ ਵਿੱਚ ਵਿਭਾਗ ਵੱਲੋਂ ਉਸ ਨੂੰ ਮੁਅੱਤਲ ਕੀਤਾ ਗਿਆ ਸੀ| ਉਸ ਖ਼ਿਲਾਫ਼ ਨਕਲੀ ਜੱਜ ਬਣਨ ਤੇ ਗੱਡੀ ਉਪਰ ਲਾਲ ਬੱਤੀ ਲਾ ਕੇ ਲੋਕਾਂ ਨੂੰ ਕਥਿਤ ਤੌਰ ’ਤੇ ਬਲੈਕਮੇਲ ਕਰਨ ਦੇ ਦੋਸ਼ਾਂ ਹੇਠ ਵੀ ਕੇਸ ਦਰਜ ਹੈ| ਇਸ ਦੇ ਬਾਵਜੂਦ ਵਿਭਾਗ ਵੱਲੋਂ ਉਸ ਨੂੰ ਬਹਾਲ ਕੀਤਾ ਜਾ ਰਿਹਾ ਹੈ| ਇਸ ਕੇਸ ਵਿੱਚ ਇਕ ਤਹਿਸੀਲਦਾਰ ਤੇ ਰੀਡਰ ਨਾਮਜ਼ਦ ਹਨ| ਉਨ੍ਹਾਂ ਕਿਹਾ ਕਿ ਤਹਿਸੀਲਦਾਰ ਨੇ ਆਪਣੇ ਪ੍ਰਭਾਵ ਨਾਲ ਕੇਸ ਦੀ ਪੜਤਾਲ ਐੱਸਐੱਸਪੀ ਮੋਗਾ ਕੋਲ ਲਵਾ ਕੇ ਕੇਸ ਰੱਦ ਕਰਨ ਦੇ ਹੁਕਮ ਕਰਵਾ ਦਿੱਤੇ|
ਆਈਜੀ ਪ੍ਰਦੀਪ ਕੁਮਾਰ ਯਾਦਵ ਅਤੇ ਐੱਸਐੱਸਪੀ ਡਾ. ਸਚਿਨ ਗੁਪਤਾ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਏਡੀਓ ਬਹਿਲ ਦੀ ਗ੍ਰਿਫ਼ਤਾਰੀ ਜਲਦੀ ਕਰ ਲਈ ਜਾਵੇਗੀ।