ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 30 ਜੁਲਾਈ
ਇਥੋਂ ਨੇੜਲੇ ਪਿੰਡ ਘਰਾਚੋਂ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਪ੍ਰਾਪਤੀ ਲਈ ਸੰਘਰਸ਼ ਦੌਰਾਨ ਕੱਲ੍ਹ ਗ੍ਰਿਫਤਾਰ ਕੀਤੇ 125 ਦਲਿਤਾਂ ਨੂੰ ਆਗੂਆਂ ਸਮੇਤ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ ਹੈ। ਉਂਝ ਭਵਾਨੀਗੜ੍ਹ ਪੁਲੀਸ ਨੇ ਕਰੋਨਾ ਸੰਕਟ ਦੌਰਾਨ ਸੋਸ਼ਲ ਡਿਸਟੈਂਸ ਨਾ ਰੱਖਣ ਦੇ ਦੋਸ਼ ਤਹਿਤ ਤਿੰਨ ਮਜ਼ਦੂਰ ਆਗੂਆਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿਕਰਮਜੀਤ ਸਿੰਘ ਹਥੋਆ ਅਤੇ ਪ੍ਰਮਜੀਤ ਕੌਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਦੇ ਇਸ਼ਾਰੇ ’ਤੇ ਪੁਲੀਸ ਨੇ ਦਲਿਤਾਂ ਨੂੰ ਧੱਕੇਸ਼ਾਹੀ ਕਰਕੇ 29 ਜੁਲਾਈ ਨੂੰ ਗ੍ਰਿਫ਼ਤਾਰ ਕਰਕੇ ਬਾਲੀਆਂ ਅਤੇ ਸ਼ੇਰਪੁਰ ਥਾਣਿਆਂ ਵਿੱਚ ਡੱਕ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਜਿਲਾ ਪੁਲੀਸ ਅਧਿਕਾਰੀਆਂ ਨੇ ਮਜਦੂਰ ਆਗੂ ਗੁਰਚਰਨ ਸਿੰਘ ਘਰਾਚੋਂ ਤੋਂ ਇਲਾਵਾ ਬਾਕੀ ਸਾਰੇ ਔਰਤਾਂ ਸਮੇਤ ਦਲਿਤਾਂ ਨੂੰ ਰਿਹਾਅ ਕਰਨ ਦਾ ਸੁਝਾਅ ਦਿੱਤਾ ਪਰ ਮਜ਼ਦੂਰਾਂ ਨੇ ਆਪਣੇ ਆਗੂ ਦੀ ਬਿਨਾਂ ਸ਼ਰਤ ਰਿਹਾਈ ਤੋਂ ਬਿਨਾਂ ਘਰਾਂ ਨੂੰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਧਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦੇਰ ਸ਼ਾਮ ਪੁਲੀਸ ਨੇ ਮਜ਼ਦੂਰ ਆਗੂ ਗੁਰਚਰਨ ਸਿੰਘ ਘਰਾਚੋਂ ਸਮੇਤ ਸਾਰੇ ਦਲਿਤਾਂ ਨੂੰ ਰਿਹਾਅ ਕਰ ਦਿੱਤਾ। ਇਸੇ ਦੌਰਾਨ ਰਿਹਾਅ ਹੋਏ ਮਜ਼ਦੂਰਾਂ ਨੇ ਅੱਜ ਫਿਰ ਘਰਾਚੋਂ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਹੈ।
ਭਵਾਨੀਗੜ੍ਹ ਪੁਲੀਸ ਨੇ ਕਮੇਟੀ ਦੇ ਆਗੂ ਮੁਕੇਸ਼ ਮਲੌਦ, ਬਿਕਰਮਜੀਤ ਸਿੰਘ ਹਥੋਆ ਅਤੇ ਗੁਰਚਰਨ ਸਿੰਘ ਘਰਾਚੋਂ ਖ਼ਿਲਾਫ਼ ਕਰੋਨਾ ਸੰਕਟ ਦੌਰਾਨ ਸੋਸ਼ਲ ਡਿਸਟੈਂਸ ਨਾ ਰੱਖਣ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।