ਆਤਿਸ਼ ਗੁਪਤਾ
ਚੰਡੀਗੜ੍ਹ, 20 ਜੂਨ
ਪੰਜਾਬ ਤੇ ਹਰਿਆਣਾ ਵਿੱਚ ਲੰਘੀ ਰਾਤ ਹਨੇਰੀ ਚੱਲਣ ਤੋਂ ਬਾਅਦ ਪਏ ਟੁੱਟਵੇਂ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਮਾਮੂਲੀ ਰਾਹਤ ਦਿਵਾ ਦਿੱਤੀ ਹੈ। ਮੀਂਹ ਮਗਰੋਂ ਅੱਜ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਤਾਪਮਾਨ ਆਮ ਨਾਲੋਂ 6.5 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ। ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 33.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ, ਦਿਨ ਸਮੇਂ ਮੱਧਮ ਧੁੱਪ ਕਰਕੇ ਵੀ ਲੋਕਾਂ ਨੂੰ ਆਵਾਜਾਈ ਵਿੱਚ ਬਹੁਤੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਮੌਸਮ ਵਿਭਾਗ ਨੇ ਪੰਜਾਬ ਵਿੱਚ 21 ਜੂਨ ਨੂੰ ਵੀ ਕਈ ਥਾਵਾਂ ’ਤੇ ਟੁੱਟਵੀਂ ਕਿਣ-ਮਿਣ ਹੋਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ ਸ਼ਾਮ ਤੋਂ ਪੰਜਾਬ ਦੇ ਰੋਪੜ ਸ਼ਹਿਰ ਵਿੱਚ ਸਭ ਤੋਂ ਵੱਧ 20 ਐੱਮਐੱਮ ਮੀਂਹ ਪਿਆ। ਇਸੇ ਤਰ੍ਹਾਂ ਬਠਿੰਡਾ ਵਿੱਚ 12.6 ਐੱਮਐੱਮ, ਬਰਨਾਲਾ ਵਿੱਚ 12.5, ਪਠਾਨਕੋਟ ਵਿੱਚ 10.3, ਸੰਗਰੂਰ ਵਿੱਚ 9, ਚੰਡੀਗੜ੍ਹ ਵਿੱਚ 1.6, ਅੰਮ੍ਰਿਤਸਰ ਵਿੱਚ 10.6, ਲੁਧਿਆਣਾ ਵਿੱਚ 2.8, ਪਟਿਆਲਾ ਵਿੱਚ 5 , ਫਰੀਦਕੋਟ ਵਿੱਚ 7.8, ਮੁਹਾਲੀ ਵਿੱਚ 5.5 ਅਤੇ ਨਵਾਂ ਸ਼ਹਿਰ ਵਿੱਚ 3.5 ਐੱਮਐੱਮ ਮੀਂਹ ਪਿਆ।
ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਪਏ ਮੀਂਹ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਮੀਂਹ ਪੈਣ ਮਗਰੋਂ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਦਿਖਾਈ ਦਿੱਤੇ। ਦੂਜੇ ਪਾਸੇ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਸਨ। ਕੁਝ ਥਾਵਾਂ ’ਤੇ ਕਿਸਾਨਾਂ ਨੇ ਝੋਨੇ ਦੀ ਲੁਆਈ ਵੀ ਸ਼ੁਰੂ ਕਰ ਦਿੱਤੀ ਹੈ, ਜੋ ਉਨ੍ਹਾਂ ਨੇ ਅਤਿ ਦੀ ਗਰਮੀ ਪੈਣ ਕਰਕੇ ਰੋਕੀ ਹੋਈ ਸੀ। ਅੱਜ ਪਹਿਲਾਂ ਦੇ ਮੁਕਾਬਲੇ ਤਾਪਮਾਨ ਵਿੱਚ ਗਿਰਾਵਟ ਦੇ ਬਾਵਜੂਦ ਸੂਬੇ ਵਿੱਚ ਬਿਜਲੀ ਦੀ ਮੰਗ ਵਿੱਚ ਬਹੁਤੀ ਗਿਰਾਵਟ ਦਰਜ ਨਹੀਂ ਕੀਤੀ ਗਈ। ਅੱਜ ਵੀ ਪੰਜਾਬ ਵਿੱਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਟੱਪ ਗਈ ਸੀ।
ਅੱਜ ਗੁਰਦਾਸਪੁਰ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ, ਚੰਡੀਗੜ੍ਹ ਵਿੱਚ 36.8, ਅੰਮ੍ਰਿਤਸਰ ਵਿੱਚ 36.1, ਲੁਧਿਆਣਾ ਵਿੱਚ 35.7, ਪਟਿਆਲਾ ਵਿੱਚ 36.6, ਪਠਾਨਕੋਟ ਵਿੱਚ 39.8, ਬਠਿੰਡਾ ਵਿੱਚ 33.6, ਨਵਾਂ ਸ਼ਹਿਰ ਵਿੱਚ 35.2 , ਬਰਨਾਲਾ ਵਿੱਚ 34.1 , ਫਰੀਦਕੋਟ ਵਿੱਚ 36.8, ਫ਼ਤਹਿਗੜ੍ਹ ਸਾਹਿਬ ਵਿੱਚ 35.4, ਫਾਜ਼ਿਲਕਾ ਵਿੱਚ 38.4, ਫਿਰੋਜ਼ਪੁਰ ਵਿੱਚ 34.4 , ਮੁਹਾਲੀ ਵਿੱਚ 36.1, ਰੋਪੜ ਵਿੱਚ 34.2 ਅਤੇ ਮੋਗਾ ਵਿੱਚ 35.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਪੰਜਾਬ ਵਿੱਚ ਮੁੜ ਵਧੇਗੀ ਗਰਮੀ
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਕਿਹਾ ਕਿ ਮੌਸਮ ਵਿੱਚ ਪੱਛਮੀ ਵਿਗਾੜ ਦੇ ਚਲਦਿਆਂ ਪੰਜਾਬ ਵਿੱਚ ਲੋਕਾਂ ਨੂੰ ਆਰਜ਼ੀ ਤੌਰ ’ਤੇ ਗਰਮੀ ਤੋਂ ਮਾਮੂਲੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਪੂਰਾ ਹਫ਼ਤਾ ਗਰਮੀ ਪਹਿਲਾਂ ਨਾਲੋਂ ਵੱਧ ਹੋਵੇਗੀ। ਮਗਰੋਂ 27-28 ਜੂਨ ਨੇੜੇ ਪੰਜਾਬ ਵਿੱਚ ਮੌਨਸੂਨ ਦੀ ਆਮਦ ਹੋਵੇਗੀ। ਉਨ੍ਹਾਂ ਕਿਹਾ ਕਿ ਮੌਨਸੂਨ ਦੀ ਆਮਦ ਹੋਣ ’ਤੇ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇਗੀ।