ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਸਤੰਬਰ
ਆਖ਼ਰਕਾਰ ਢਾਈ ਦਹਾਕਿਆਂ ਮਗਰੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਅਤੇ ਨਾਨਕਾ ਪਿੰਡ ਬਡਰੁੱਖਾਂ ਵਿੱਚ ਉਨ੍ਹਾਂ ਦਾ ਬੁੱਤ ਸਥਾਪਤ ਕਰ ਦਿੱਤਾ ਗਿਆ ਹੈ। ਪਿੰਡ ਬਡਰੁੱਖਾਂ ਦੇ ਲੋਕ 25 ਵਰ੍ਹਿਆਂ ਤੋਂ ਸ਼ੇਰ-ਏ-ਪੰਜਾਬ ਦੇ ਬੁੱਤ ਦੀ ਉਡੀਕ ਕਰ ਰਹੇ ਸਨ। ਹਾਲਾਂਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਕਈ ਵਾਰ ਇਹ ਬੁੱਤ ਸਥਾਪਤ ਕੀਤੇ ਜਾਣ ਦੇ ਵਾਅਦੇ ਵੀ ਕੀਤੇ ਗਏ, ਪਰ ਇਨ੍ਹਾਂ ’ਚੋਂ ਕੋਈ ਵਾਅਦਾ ਵਫ਼ਾ ਨਹੀਂ ਸੀ ਹੋਇਆ।
ਇਹ ਬੁੱਤ ਦੋ ਦਿਨ ਪਹਿਲਾਂ ਹੀ ਪਿੰਡ ਬਡਰੁੱਖਾਂ ਪਹੁੰਚਿਆ ਹੈ। ਭਾਵੇਂ ਬੁੱਤ ਨੂੰ ਨੈਸ਼ਨਲ ਹਾਈਵੇਅ-7 ’ਤੇ ਬਣੇ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪਾਰਕ ’ਚ ਸਥਾਪਤ ਕਰ ਦਿੱਤਾ ਗਿਆ ਹੈ, ਪਰ ਹਾਲੇ ਬੁੱਤ ਵਾਲੇ ਥਾਂ ਦਾ ਉਸਾਰੀ ਕਾਰਜ ਅਧੂਰਾ ਹੈ। ਪਿੰਡ ਦੇ ਕਾਂਗਰਸੀ ਸਰਪੰਚ ਕੁਲਜੀਤ ਸਿੰਘ ਤੂਰ ਨੇ ਦੱਸਿਆ ਕਿ ਇਹ ਬੁੱਤ ਲਗਾਉਣ ਅਤੇ ਯਾਦਗਾਰੀ ਪਾਰਕ ਨੂੰ ਅਪਗ੍ਰੇਡ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਸਰਕਾਰ ਤੋਂ 99 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕਰਵਾਈ ਸੀ, ਜਿਸ ਮਗਰੋਂ ਇਹ ਕਾਰਜ ਮੁਕੰਮਲ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬੁੱਤ ਮਹਾਰਾਸ਼ਟਰ ਦੇ ਸ਼ਹਿਰ ਸੋਲਾਪੁਰ ਤੋਂ ਬਣ ਕੇ ਆਇਆ ਹੈ। ਬੁੱਤ ਵਾਲੇ ਸਥਾਨ ਦੇ ਆਲੇ-ਦੁਆਲੇ ਹਾਲੇ ਪੱਥਰ ਤੇ ਲਾਈਟਾਂ ਲੱਗਣ ਦਾ ਕੰਮ ਅਧੂਰਾ ਹੈ, ਜਿਸ ਦੇ ਮੁਕੰਮਲ ਹੋਣ ਮਗਰੋਂ ਬੁੱਤ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ। ਪਿੰਡ ਵਾਸੀਆਂ ਨੂੰ ਉਮੀਦ ਹੈ ਕਿ ਉਸਾਰੀ ਪੂਰੀ ਹੋਣ ਮਗਰੋਂ ਸ਼ੇਰ-ਏ-ਪੰਜਾਬ ਦੇ 13 ਨਵੰਬਰ ਨੂੰ ਆ ਰਹੇ ਜਨਮ ਦਿਹਾੜੇ ਮੌਕੇ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ।