ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਦਸੰਬਰ
ਪੰਜਾਬ ਵਿੱਚ ਕਾਮਰਸ ਵਿਦਿਆਰਥੀਆਂ ਨੂੰ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ’ਤੇ ਕਰੀਅਰ ਕੌਂਸਲਿੰਗ ਅਤੇ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਸਿੱਖਿਆ ਅਤੇ ਉਚੇਰੀ ਸਿੱਖਿਆ ਵਿਭਾਗਾਂ ਨੇ ਅੱਜ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ, ਨਵੀਂ ਦਿੱਲੀ ਨਾਲ ਸਮਝੌਤਾ ਸਹੀਬੱਧ ਕੀਤਾ। ਸਿੱਖਿਆ ਤੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਨੂੰ ਕਾਮਰਸ ਸਿੱਖਿਆ ਦੇ ਹੁਨਰ ਨਿਖਾਰਨ ਦੇ ਨਾਲ-ਨਾਲ ਬਿਹਤਰ ਕਰੀਅਰ ਸਬੰਧੀ ਫੈਸਲੇ ਲੈਣ ਵਿੱਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਵਿੱਚ ਟੀਚਰ ਪ੍ਰੋਗਰਾਮ ਦੀ ਕਰੀਅਰ ਕੌਂਸਲਿੰਗ ਅਤੇ ਸਿਖਲਾਈ ਵੀ ਸ਼ਾਮਲ ਹੈ, ਇਸ ਨਾਲ ਬਿਹਤਰ ਜੀਵਨ ਨੂੰ ਸੁਰੱਖਿਅਤ ਕਰਨ ਦਾ ਰਾਹ ਪੱਧਰਾ ਹੋਵੇਗਾ। ਸਿੱਖਿਆ ਮੰਤਰੀ ਨੇ ਸੀਏ ਅਸ਼ਵਨੀ ਗੁਪਤਾ ਅਤੇ ਆਈਸੀਏਆਈ ਦੀ ਸਮੁੱਚੀ ਟੀਮ ਦਾ ਸਮਝੌਤੇ ਸਹੀਬੱਧ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੇ ਵਿਦਿਆਰਥੀਆਂ ਨੂੰ ਨਾਮਵਰ ਵਿਦਿਅਕ ਸੰਸਥਾਵਾਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਵਧੀਆ ਸਥਾਨ ਹਾਸਲ ਕਰਨ ਵਿੱਚ ਮਦਦ ਕਰੇਗੀ। ਜ਼ਿਕਰਯੋਗ ਹੈ ਕਿ ਆਈਸੀਏਆਈ ਕਾਮਰਸ ਸਿੱਖਿਆ ਮੁਹੱਈਆ ਕਰਵਾਉਣ ਵਾਲੀ ਵਿਸ਼ਵ ਭਰ ਦੀ ਸਭ ਤੋਂ ਵੱਡੀ ਸੰਸਥਾ ਹੈ। ਸਮਝੌਤੇ ’ਤੇ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਸਕੱਤਰ ਅਜੋਏ ਸ਼ਰਮਾ ਨੇ ਦਸਤਖ਼ਤ ਕੀਤੇ।