ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਖੇਤੀ ਬਿਲਾਂ ਨੂੰ ‘ਮਾੜੀ ਨੀਅਤ’ ਤੇ ‘ਮਾੜੇ ਸਮੇਂ’ ਉੱਤੇ ਲਿਆਂਦਾ ਕਹਿ ਕੇ ਭੰਡਿਆ। ਬਾਜਵਾ ਨੇ ਕਿਹਾ ਕਿ ਬਿੱਲ ਸਹਿਕਾਰੀ ਸੰੰਘਵਾਦ ਦੇ ਅਸਲ ਮੰਤਵ ਦੇ ਖਿਲਾਫ਼ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ‘ਮੌਤ ਦੇ ਵਾਰੰਟਾਂ’ ਉੱਤੇ ਸਹੀ ਨਹੀਂ ਪਾਏਗੀ। ਬਾਜਵਾ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਦੇ ਹਵਾਲੇ ਨਾਲ ਕਿਹਾ, ‘ਜਿਨ੍ਹਾਂ ਲੋਕਾਂ ਨੂੰ ਤੁਸੀਂ ਲਾਭ ਦੇਣਾ ਚਾਹੁੰਦੇ ਹੋ, ਉਹ ਸੜਕਾਂ ’ਤੇ ਹਨ।’ ਬਾਜਵਾ ਨੇ ਕਿਹਾ ‘ਹੌਲੀ ਹੌਲੀ ਸਰਕਾਰਾਂ ਇਸ ਪੂਰੇ ਪ੍ਰਬੰਧ ’ਚੋਂ ਬਾਹਰ ਨਿਕਲ ਆਉਣਗੀਆਂ ਤੇ ਫਿਰ ਅੰਬਾਨੀ, ਅਡਾਨੀ ਤੇ ਵੱਡੇ ਕਾਰਪੋਰੇਟ ਘਰਾਣੇ ਦਾਖ਼ਲ ਹੋਣਗੇ।’ ਬਾਜਵਾ ਨੇ ਕਿਹਾ ਕਿ ਬਿੱਲ ਪੰਜਾਬ ਦੇ ਆਰਥਿਕ ਹਿੱਤਾਂ ਦੇ ਖ਼ਿਲਾਫ਼ ਹਨ।