ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਸਤੰਬਰ
ਦਿੱਲੀ ਦੇ ਜੰਤਰ-ਮੰਤਰ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਦੇਸ਼ ਦੀਆਂ ਪ੍ਰਮੁੱਖ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੇ ਮੰਚ ‘ਸੀਟੀਯੂ’ ਤਹਿਤ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਤੇ ਦੇਸ਼ ਵਿਰੋਧੀ ਕਰਾਰ ਦਿੰਦੇ ਹੋਏ ਇੱਕ ਲੱਖ ਤੋਂ ਵੱਧ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਅਜ਼ਾਦਾਨਾ ਐਸੋਸੀਏਸ਼ਨਾਂ ਤੇ ਫੈਡਰੇਸ਼ਨਾਂ ਨੇ ਵੀ ਇਨ੍ਹਾਂ ਧਰਨਿਆਂ, ਪ੍ਰਦਰਸ਼ਨਾਂ ਵਿੱਚ ਸ਼ਿਰਕਤ ਕੀਤੀ। ਦਿੱਲੀ ਵਿੱਚ ਜੰਤਰ-ਮੰਤਰ ਉਪਰ ਵੱਡੀ ਗਿਣਤੀ ਵਿੱਚ ਟਰੇਡ ਯੂਨੀਅਨਾਂ ਦੇ ਆਗੂ ਇਕੱਤਰ ਹੋਏ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ। ਦਿੱਲੀ ਵਿੱਚ ਏਟਕ ਦੀ ਆਗੂ ਅਮਰਜੀਤ ਕੌਰ, ਇੰਟਕ ਵੱਲੋਂ ਅਸ਼ੋਕ ਸਿੰਘ, ਹਿੰਦ ਮਜ਼ਦੂਰ ਸਭਾ ਵੱਲੋਂ ਹਰਭਜਨ ਸਿੰਘ ਸਿੱਧੂ, ਸੀਟੂ ਆਗੂ ਹੇਮਲਤਾ, ਏਆਈਯੂਟੀਯੂਸੀ ਦੇ ਆਰਕੇ ਸ਼ਰਮਾ, ਸੇਵਾ ਵੱਲੋਂ ਲਤਾ, ਏਆਈਸੀਸੀਟੀਯੂ ਦੇ ਰਾਜੀਵ ਧੀਮਰੀ ਤੇ ਐੱਲਪੀਐੱਫ ਵੱਲੋਂ ਜੇਪੀ ਸਿੰਘ, ਯੂਟੀਯੂਸੀ ਦੇ ਆਰਐੱਸ ਡਾਰਗ ਤੇ ਐੱਮਈਸੀ ਤੋਂ ਸੰਤੋਸ਼ ਸਮੇਤ ਹੋਰ ਆਗੂ ਸ਼ਾਮਲ ਹੋਏ। ਬੁਲਾਰਿਆਂ ਨੇ ਭਗਤ ਸਿੰਘ ਤੇ ਸਰ ਛੋਟੂ ਰਾਮ ਵੱਲੋਂ ਅੰਗਰੇਜ਼ਾਂ ਦੀ ਕਿਸਾਨਾਂ ਵਿਰੋਧੀ ਨੀਤੀਆਂ ਦੀ ਖ਼ਿਲਾਫ਼ਤ ਲਈ ਕੀਤੇ ਸੰਘਰਸ਼ ਨੂੰ ਯਾਦ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਬਰਤਾਨਵੀ ਹਕੂਮਤ ਵਾਂਗ ਗ਼ੈਰ-ਸੰਵਿਧਾਨਕ ਤਰੀਕੇ ਅਪਣਾ ਕੇ ਮਜ਼ਦੂਰਾਂ ਤੇ ਕਿਸਾਨਾਂ ਵਿਰੋਧੀ ਕਾਨੂੰਨ ਘੜੇ ਜਾ ਰਹੇ ਹਨ ਜੋ ਕਾਰਪੋਰੇਟ ਘਰਾਣਿਆਂ ਲਈ ਲਾਹੇਬੰਦ ਹਨ। ਅਮਰਜੀਤ ਕੌਰ ਨੇ ਦੱਸਿਆ ਕਿ ਰਾਜ ਸਭਾ ਵਿੱਚ ਸੰਵਿਧਾਨਕ ਰਵਾਇਤਾਂ ਦੀਆਂ ਅਣਦੇਖੀ ਕਰਕੇ ਖੇਤੀ ਸੁਧਾਰ ਦੇ ਨਾਂ ’ਤੇ ਦੋ ਬਿੱਲ ਪਾਸ ਕੀਤੇ ਗਏ ਜੋ ਕਿਸਾਨਾਂ ਦੇ ਭਵਿੱਖ ’ਤੇ ਹਮਲਾ ਹਨ। ਬੁਲਾਰਿਆਂ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਬੀਤੇ ਦਿਨਾਂ ਤੋਂ ਕੀਤੇ ਜਾ ਰਹੇ ਅੰਦੋਲਨ ਨੂੰ ਕੇਂਦਰ ਸਰਕਾਰ ਦੀਆਂ ਕਿਸਾਨ/ਮਜ਼ਦੂਰ ਨੀਤੀਆਂ ਖ਼ਿਲਾਫ਼ ਪ੍ਰਗਟਾਵਾ ਕਰਾਰ ਦਿੱਤਾ ਗਿਆ। ਕੇਂਦਰ ਵੱਲੋਂ ਕਿਰਤ ਕਾਨੂੰਨਾਂ ’ਚ ਤਬਦੀਲੀ ਲਈ ਕਿਰਤ ਕਾਨੂੰਨ ਲਿਆਉਣ, ਸਰਕਾਰੀ ਕੰਪਨੀਆਂ ਦੇ ਨਿੱਜੀਕਰਨ, ਕਈ ਅਹਿਮ ਖੇਤਰਾਂ ਵਿੱਚ ਸਿੱਧੇ 100 ਵਿਦੇਸ਼ ਨਿਵੇਸ਼ ਖੋਲ੍ਹਣ ਦੀ ਖ਼ਿਲਾਫ਼ਤ ਕੀਤੀ ਗਈ। ਟਰੇਡ ਯੂਨੀਅਨਾਂ ਨੇ ਉਪਰੋਕਤ ਕਾਨੂੰਨਾਂ ਨੂੰ ਮਜ਼ਦੂਰ/ਕਿਸਾਨ ਵਿਰੋਧੀ ਕਰਾਰ ਦਿੱਤਾ।