ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਨਵੰਬਰ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਹਾੜ੍ਹੀ ਸੀਜ਼ਨ ਲਈ ਡੀਏਪੀ ਤੇ ਹੋਰ ਖਾਦਾਂ, ਮਿਆਰੀ ਬੀਜਾਂ ਅਤੇ ਕੀਟਨਾਸ਼ਕਾਂ ਦੀ ਲੋੜੀਂਦੀ ਉਪਲਬਧਤਾ ਲਈ ਉੱਡਣ ਦਸਤਿਆਂ ਦੀਆਂ ਪੰਜ ਟੀਮਾਂ ਦਾ ਗਠਨ ਕੀਤਾ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਖਾਦਾਂ ਦੇ ਗੈਰ-ਕਾਨੂੰਨੀ ਭੰਡਾਰਨ, ਖਾਦਾਂ ਦੀ ਕਾਲਾਬਾਜ਼ਾਰੀ ਅਤੇ ਡੀਏਪੀ ਤੇ ਹੋਰ ਖਾਦਾਂ ਨਾਲ ਬੇਲੋੜੇ ਕੈਮੀਕਲਾਂ ਦੀ ਟੈਗਿੰਗ ਖ਼ਿਲਾਫ਼ ਕਾਰਵਾਈ ਲਈ ਛਾਪੇ ਮਾਰੇ ਜਾਣਗੇ। ਇਹ ਟੀਮਾਂ ਸਪਲਾਈ ਦੀ ਨਿਗਰਾਨੀ ਦੇ ਨਾਲ-ਨਾਲ ਖੇਤੀਬਾੜੀ ਨਾਲ ਸਬੰਧਿਤ ਵਸਤਾਂ ਦੇ ਮਿਆਰ ਨੂੰ ਕਾਇਮ ਰੱਖਣਗੀਆਂ। ਇਹ ਉੱਡਣ ਦਸਤੇ ਪਰਚੂਨ ਅਤੇ ਥੋਕ ਡੀਲਰਾਂ ਦੇ ਨਾਲ-ਨਾਲ ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਦੇ ਨਿਰਮਾਣ ਅਤੇ ਮੰਡੀਕਰਨ ਯੂਨਿਟਾਂ ਦਾ ਦੌਰਾ ਕਰਨਗੇ ਤਾਂ ਜੋ ਰੇਟਾਂ ਦੀ ਨਿਗਰਾਨੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪਹਿਲੀ ਅਪਰੈਲ ਤੋਂ 31 ਅਕਤੂਬਰ ਤੱਕ ਵਿਭਾਗ ਨੇ ਕੀਟਨਾਸ਼ਕਾਂ ਦੇ 2,063 ਨਮੂਨੇ ਲਏ ਸਨ। ਇਨ੍ਹਾਂ ਦੀ ਜਾਂਚ ਨਤੀਜੇ ਦੇ ਆਧਾਰ ਉੱਤੇ ਗ਼ਲਤ ਬ੍ਰਾਂਡਿੰਗ ਕਰਨ ਵਾਲਿਆਂ 43 ਫ਼ਰਮਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।
ਇਸ ਤੋਂ ਇਲਾਵਾ ਰਸਾਇਣਿਕ ਖਾਦਾਂ ਦੇ 1751 ਨਮੂਨੇ, ਬਾਇਓ ਖਾਦਾਂ ਦੇ 100 ਨਮੂਨੇ ਅਤੇ ਜੈਵਿਕ ਖਾਦਾਂ ਦੇ 40 ਨਮੂਨੇ ਲਏ ਗਏ ਹਨ। ਮਿਸਬ੍ਰਾਂਡਿਡ ਵਾਲਿਆਂ 48 ਫ਼ਰਮਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ ਅਤੇ ਉਨ੍ਹਾਂ ਵਿਰੁੱਧ ਤਿੰਨ ਐੱਫ਼ਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਇਕ ਟੀਮ ਨੂੰ ਬੀਜਾਂ, ਕੀਟਨਾਸ਼ਕਾਂ ਤੇ ਖਾਦਾਂ ਦੀ ਵਿੱਕਰੀ ਤੇ ਸਪਲਾਈ ’ਤੇ ਨੇੜਿਓਂ ਨਜ਼ਰ ਰੱਖਣ ਲਈ ਚਾਰ ਤੋਂ ਪੰਜ ਜ਼ਿਲ੍ਹੇ ਦਿੱਤੇ ਗਏ ਹਨ। ਇਹ ਟੀਮਾਂ ਕਿਸਾਨਾਂ ਲਈ ਖੇਤੀ ਵਸਤਾਂ ਦੀ ਮੰਗ ਅਤੇ ਸਪਲਾਈ ਦੀ ਵੀ ਨਿਗਰਾਨੀ ਕਰਨਗੀਆਂ।