ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਮਾਰਚ
ਖੇਤੀ ਕਾਨੂੰਨਾਂ ਖਿਲਾਫ਼ ਹੋਲੀ ਵਾਲ਼ੀ ਸ਼ਾਮ ਇਥੇ ਥਾਪਰ ਯੂਨੀਵਰਸਿਟੀ ਵਾਲ਼ੇ ਚੌਕ ’ਚ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਇਕ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਆ ਚੜ੍ਹੀ। ਇਸ ਹਾਦਸੇ ’ਚ ਦੋ ਦੀ ਮੌਤ ਹੋ ਗਈ ਅਤੇ ਚਾਰ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ’ਚ ਇਕ ਬੱਚਾ ਵੀ ਸ਼ਾਮਲ ਹੈ। ਇਸ ਬੱਚੇ ਨੂੰ ਹਾਲਤ ਗੰਭੀਰ ਹੋਣ ਕਾਰਨ ਬੀਤੇ ਕੱਲ੍ਹ ਚੰਡੀਗੜ੍ਹ ਪੀਜੀਆਈ ਭੇਜਿਆ ਗਿਆ ਸੀ, ਜਿਥੇ ਉਸ ਦੀ ਅੱਜ ਮੌਤ ਹੋ ਗਈ। ਕਾਰ ਨੂੰ ਪ੍ਰਿਤਪਾਲ ਸਿੰਘ ਨਾਮ ਦਾ ਐਕਸਾਈਜ਼ ਇੰਸਪੈਕਟਰ ਚਲਾ ਰਿਹਾ ਸੀ, ਜਿਸ ਦੀ ਪਤਨੀ ਅਤੇ ਬੱਚੀ ਵੀ ਨਾਲ਼ ਸਨ।
ਮ੍ਰਿਤਕਾਂ ਦੀ ਪਛਾਣ ਸਥਾਨਕ ਰਣਜੀਤ ਨਗਰ ਵਾਸੀ 65 ਸਾਲਾ ਇੰਦਰਜੀਤ ਸਿੰਘ ਅਤੇ ਸਥਾਨਕ ਵਾਸੀ ਦੋ ਸਾਲਾ ਬੱਚੇ ਵਜੋਂ ਹੋਈ ਹੈ। ਜ਼ਖ਼ਮੀ ਪਰਮਬੀਰ ਸਿੰਘ ਅਤੇ ਗਗਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਾਰ ਚਾਲਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਿਤਪਾਲ ਸਿੰਘ ਨੂੰ ਦੌਰਾ ਪੈ ਗਿਆ, ਜਿਸ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਪਰ ਲੋਕਾਂ ਨੂੰ ਖ਼ਦਸ਼ਾ ਹੈ ਕਿ ਉਸ ਨੇ ਕਥਿਤ ਸ਼ਰਾਬ ਪੀਤੀ ਹੋਈ ਸੀ। ਉਹ ਹੁਣ ਪੁਲੀਸ ਦੀ ਹਿਰਾਸਤ ’ਚ ਦੱਸਿਆ ਜਾ ਰਿਹਾ ਹੈ।
ਇਸ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਅੱਜ ਸਾਰਾ ਦਿਨ ਇਥੇ ਥਾਪਰ ਯੂਨੀਵਰਸਿਟੀ ਵਾਲ਼ੇ ਚੌਕ ਵਿੱਚ ਧਰਨਾ ਦਿੱਤਾ। ਕਿਸਾਨ ਜਥੇਬੰਦੀਆਂ ਅਤੇ ਲੋਕ ਹਾਦਸੇ ਦੌਰਾਨ ਜਾਨ ਗਵਾਉਣ ਵਾਲ਼ੇ ਇੰਦਰਜੀਤ ਸਿੰਘ ਨੂੰ ਕਿਸਾਨ ਸੰਘਰਸ਼ ਦਾ ਸ਼ਹੀਦ ਐਲਾਨ ਕੇ ਸਰਕਾਰ ਕੋਲੋਂ ਉਸ ਦੇ ਪਰਿਵਾਰ ਲਈ ਬਣਦੀਆਂ ਸੁਵਿਧਾਵਾਂ ਦੀ ਮੰਗ ਕਰ ਰਹੇ ਸਨ। ਉਹ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਅਤੇ ਮੁਲਜ਼ਮ ਦੀ ਮੈਡੀਕਲ ਜਾਂਚ ਦੀ ਮੰਗ ਕਰ ਰਹੇ ਸਨ।
ਥਾਣਾ ਤ੍ਰਿਪੜੀ ਦੇ ਮੁਖੀ ਹੈਰੀ ਬੋਪਾਰਾਏ ਨੇ ਆਖਿਆ ਕਿ ਮੁਲਜ਼ਮ ਦੇ ਸੈਂਪਲ ਖਰੜ ਸਥਿਤ ਲੈਬ ’ਚ ਭੇਜੇ ਗਏ ਹਨ। ਇਸ ਦੌਰਾਨ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਗਿਆ, ਜੋ ਡੀ.ਸੀ ਰਾਹੀਂ ਜਲਦੀ ਹੀ ਪੱਤਰ ਸਰਕਾਰ ਨੂੰ ਭੇਜ ਦੇਣਗੇ। ਕਿਸਾਨ ਨੇਤਾ ਗੁਰਮੀਤ ਦਿੱਤੂਪੁਰ ਤੇ ਅਵਤਾਰ ਕੌਰਜੀਵਾਲ਼ਾ ਦਾ ਕਹਿਣਾ ਸੀ ਕਿ ਅਧਿਕਾਰੀਆਂ ਦੇ ਅਜਿਹੇ ਭਰੋਸੇ ਮਗਰੋਂ ਹੀ ਇਹ ਧਰਨਾ ਸਮਾਪਤ ਕੀਤਾ ਗਿਆ ਹੈ।