ਜਤਿੰਦਰ ਬੈਂਸ
ਗੁਰਦਾਸਪੁਰ, 9 ਨਵੰਬਰ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਗੁਰਦਾਸਪੁਰ ਵਿੱਚ ਚੱਲ ਰਿਹਾ ਧਰਨਾ ਅੱਜ ਸਵਾ ਮਹੀਨਾ ਬੀਤਣ ਬਾਅਦ ਵੀ ਜਾਰੀ ਰਿਹਾ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਸਬੰਧੀ ਕੋਈ ਹਾਂ-ਪੱਖੀ ਹੁੰਗਾਰਾ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਰੋਹ ਹੈ। ਧਰਨਾਕਾਰੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੀਵਾਲੀ ਤੋਂ ਪਹਿਲਾਂ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਊਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਐਤਕੀਂ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ 26 ਅਤੇ 27 ਨਵੰਬਰ ਨੂੰ ਦਿੱਲੀ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵੱਲੋਂ ਲਾਚੋਵਾਲ ਟੌਲ ਪਲਾਜ਼ਾ ’ਤੇ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਅੱਜ ਕਿਸਾਨ ਆਗੂ ਗੁਰਦੀਪ ਸਿੰਘ, ਸਵਰਨ ਸਿੰਘ ਧੁੱਗਾ, ਉਂਕਾਰ ਸਿੰਘ ਧਾਮੀ, ਓਮ ਸਿੰਘ, ਦਵਿੰਦਰ ਸਿੰਘ, ਪਰਮਿੰਦਰ ਸਿੰਘ ਦੀ ਅਗਵਾਈ ਹੇਠ 30ਵੇਂ ਦਿਨ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤਕ ਮੋਦੀ ਸਰਕਾਰ ਆਪਣਾ ਅੜੀਅਲ ਰਵੱਈਆ ਨਹੀਂ ਛੱਡਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 26 ਤੇ 27 ਨਵੰਬਰ ਨੂੰ ਕੀਤਾ ਜਾ ਰਿਹਾ ਦਿੱਲੀ ਘਿਰਾਓ ਇਤਿਹਾਸਕ ਹੋ ਨਿੱਬੜੇਗਾ ਅਤੇ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਪਰਮਿੰਦਰ ਸਿੰਘ, ਜਗਤਾਰ ਸਿੰਘ, ਗੁਰਮੇਸ਼ ਸਿੰਘ, ਗੁਰਮੇਲ ਸਿੰਘ ਹਾਜ਼ਰ ਸਨ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਆਜ਼ਾਦ ਕਿਸਾਨ ਕਮੇਟੀ ਦੋਆਬਾ ਵੱਲੋਂ ਰਿਲਾਇੰਸ ਜਿਊਲਰਜ਼ ਦੇ ਬਾਹਰ ਦਿੱਤਾ ਜਾ ਰਿਹਾ ਪੱਕਾ ਧਰਨਾ ਅੱਜ ਤੀਜੇ ਦਿਨ ਵਿੱਚ ਸ਼ਾਮਲ ਹੋ ਗਿਆ। ਇਸ ਮੌਕੇ ਕਿਸਾਨ ਆਗੂ ਹਰਪਾਲ ਸਿੰਘ ਸੰਘਾ, ਗੁਰਨਾਮ ਸਿੰਘ, ਪੰਜਾਬ ਰੋਡਵੇਜ਼ ਐਂਪਲਾਈਜ਼ ਯੂਨੀਅਨ ਦੇ ਰਾਜਿੰਦਰ ਸਿੰਘ, ਗੰਗਾ ਪ੍ਰਸਾਦ, ਅਵਤਾਰ ਸਿੰਘ, ਮਾਸਟਰ ਹਰਦਿਆਲ ਸਿੰਘ ਹਾਜ਼ਰ ਸਨ।
ਗੜ੍ਹਸ਼ੰਕਰ (ਜੇ.ਬੀ.ਸੇਖੋਂ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਸਥਾਨਕ ਸ੍ਰੀ ਆਨੰਦਪੁਰ ਸਾਹਿਬ ਰੋਡ ’ਤੇ ਰਿਲਾਇੰਸ ਮਾਲ ਦੇ ਅੱਗੇ ਲਾਏ ਧਰਨੇ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਅਹੁਦੇਦਾਰ ਕਾਮਰੇਡ ਦਰਸ਼ਨ ਸਿੰਘ ਮੱਟੂ, ਕਿਸਾਨ ਸਭਾ ਦੇ ਸਕੱਤਰ ਗੁਰਨੇਕ ਭੱਜਲ ਨੇ ਹਾਜ਼ਰ ਵਰਕਰਾਂ ਨੂੰ 26 ਨਵੰਬਰ ਨੂੰ ਦਿੱਲੀ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਮਾਨਸਰ (ਮਨਪ੍ਰੀਤ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਮਾਨਸਰ ਟੌਲ ਪਲਾਜ਼ਾ ’ਤੇ 30 ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਲਹਿਰ ਬਣ ਰਹੀ ਹੈ ਤੇ ਮੋਦੀ ਸਰਕਾਰ ਵਿਰੁੱਧ ਸਾਰੇ ਵਰਗਾਂ ਵਿੱਚ ਰੋਸ ਹੈ।
ਬਲਾਚੌਰ (ਸੁਭਾਸ਼ ਜੋਸ਼ੀ): ਟੌਲ ਪਲਾਜ਼ਾ ਮਜਾਰੀ ਵਿੱਚ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ 25ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਇਲਾਕੇ ਦੇ ਪਿੰਡ ਫਿਰਨੀ ਮਜਾਰਾ ਤੋਂ ਕਾਮਰੇਡ ਮਹਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਬਲਾਚੌਰ ਦੇ ਪ੍ਰਧਾਨ ਮਹਿੰਗਾ ਸਿੰਘ, ਗਿਆਨ ਸਿੰਘ ਨਾਗਰਾ ਨੇ ਸੰਬੋਧਨ ਕੀਤਾ। ਭਾਈ ਰਾਹੁਲ ਸਿੰਘ ਦੇ ਢਾਡੀ ਜਥੇ ਨੇ ਵਾਰਾਂ ਗਾਈਆਂ।
ਨਾਟਕਾਂ ਰਾਹੀਂ ਕਿਸਾਨ ਸੰਘਰਸ਼ ਬਾਰੇ ਜਾਗਰੂਕ ਕੀਤਾ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਬਲਾਕ ਕਾਹਨੂੰਵਾਨ ਦੇ ਪਿੰਡ ਜਾਗੋਵਾਲ ਬਾਂਗਰ ਵਿੱਚ ਲੋਕ ਕਲਾ ਮੰਚ ਮਜੀਠਾ ਦੀ ਨਾਟਕ ਟੀਮ ਨੇ ਨੁੱਕੜ ਨਾਟਕ, ਕੋਰੀਓਗ੍ਰਾਫੀਆਂ ਅਤੇ ਸੱਭਿਆਚਾਰਕ ਇਨਕਲਾਬੀ ਗੀਤ ਪੇਸ਼ ਕਰ ਕੇ ਪਿੰਡ ਵਾਸੀਆਂ ਨੂੰ ਪੰਜਾਬ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਬਾਰੇ ਜਾਣੂ ਕਰਵਾਇਆ। ਮੰਚ ਦੀ ਟੀਮ ਨੇ ਮਾਸਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਨੁੱਕੜ ਨਾਟਕ ‘ਇਹ ਲਹੂ ਕਿਸ ਦਾ ਹੈ’ ਪੇਸ਼ ਕੀਤਾ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਅਸ਼ੋਕ ਭਾਰਤੀ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਨਾਲ ਅਪਣਾਏ ਜਾ ਰਹੇ ਅੜੀਅਲ ਰਵੱਈਏ ਦੀ ਨਿਖੇਧੀ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਅਮਰ ਕ੍ਰਾਂਤੀ ਨੇ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਪਿੰਡ ਵਾਸੀਆਂ ਨੂੰ ਇਕਜੁੱਟ ਹੋਣ ਦਾ ਹੋਕਾ ਦਿੱਤਾ। ਇਸ ਮੌਕੇ ਪ੍ਰਿੰਸੀਪਲ ਸੰਦੀਪ ਧਾਰੀਵਾਲ ਭੋਜਾ, ਜਰਨੈਲ ਸਿੰਘ, ਮਾਸਟਰ ਜਸਵਿੰਦਰ ਸਿੰਘ, ਜਸਬੀਰ, ਕੁਲਦੀਪ ਹਾਜ਼ਰ ਸਨ।