ਖੇਤਰੀ ਪ੍ਰਤੀਨਿਧ
ਬਰਨਾਲਾ, 7 ਫਰਵਰੀ
ਸਥਾਨਕ ਤਰਕਸ਼ੀਲ ਭਵਨ ਵਿੱਚ ਹੋਏ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਮਾਗਮ ਵਿੱਚ ਸਾਹਿਤਕਾਰ ਬਲਵੀਰ ਪਰਵਾਨਾ ਦੇ ਸਨਮਾਨ ਦੇ ਨਾਲ-ਨਾਲ ਖੇਤੀ ਕਾਨੂੰਨਾਂ ਦੇ ਹਰ ਵਰਗ ਦੇ ਲੋਕਾਂ ਉੱਪਰ ਪੈਣ ਵਾਲੇ ਪ੍ਰਭਾਵਾਂ ’ਤੇ ਸੰਵਾਦ ਰਚਾਇਆ ਗਿਆ| ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਆਖਿਆ ਕਿ ਕ੍ਰਿਸ਼ਨ ਬਰਗਾੜੀ ਦਾ ਸਮਾਜ ਤੇ ਤਰਕਸ਼ੀਲ ਲਹਿਰ ਲਈ ਯੋਗਦਾਨ ਮਿਸਾਲੀ ਹੈ| ਸਮਾਰੋਹ ਵਿੱਚ 19ਵਾਂ ਕ੍ਰਿਸ਼ਨ ਬਰਗਾੜੀ ਯਾਦਗਾਰੀ ਪੁਰਸਕਾਰ ਸਹਿਤਕਾਰ ਬਲਬੀਰ ਪਰਵਾਨਾ ਨੂੰ ਦਿੱਤਾ ਗਿਆ| ਬਲਬੀਰ ਪਰਵਾਨਾ ਆਖਿਆ ਕਿ ਕਲਮ ਦਾ ਕਰਤੱਵ ਜ਼ਿੰਦਗੀ ਦੀ ਬਿਹਤਰੀ ਲਈ ਸਮਾਜ ਦਾ ਸ਼ੀਸ਼ਾ ਬਣਨਾ ਹੈ ਅਤੇ ਉਹ ਇਸੇ ਉਦੇਸ਼ ਨਾਲ ਸਾਹਿਤ ਦੇ ਖੇਤਰ ਵਿੱਚ ਕਾਰਜਸ਼ੀਲ ਹਨ| ਬਲਵੀਰ ਪਰਵਾਨਾ ਦੀ ਲਿਖਣ ਕਲਾ ਨੂੰ ਤਰਕਸ਼ੀਲ ਚਿੰਤਕ ਰਾਜਪਾਲ ਸਿੰਘ ਨੇ ਯਥਾਰਥਵਾਦੀ ਤੇ ਹੱਕ ਸੱਚ ਦੀ ਗਾਥਾ ਆਖਦਿਆਂ ਪ੍ਰਸ਼ੰਸ਼ਾ ਕੀਤੀ|
ਸਮਾਰੋਹ ਦੇ ਦੂਸਰੇ ਪੜਾਅ ਵਿੱਚ ਖੇਤੀ ਕਾਨੂੰਨਾਂ ’ਤੇ ਕਰਵਾਏ ਸੈਮੀਨਾਰ ਵਿੱਚ ਬੋਲਦਿਆਂ ਉੱਘੇ ਚਿੰਤਕ ਡਾ. ਸੁਖਦੇਵ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ਹੇਠ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨ ਕਿਸਾਨ ਵਿਰੋਧੀ ਤੇ ਸਾਰੇ ਵਰਗਾਂ ਦੇ ਲੋਕਾਂ ਦਾ ਘਾਣ ਕਰਨ ਵਾਲੇ ਹਨ| ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਏਕੇ ਤੇ ਹੱਕੀ ਸੰਘਰਸ਼ ਦਾ ਸਿੱਟਾ ਸ਼ਾਨਾਮੱਤਾ ਹੋਵੇਗਾ| ਲੋਕ ਗਾਇਕ ਜਗਸੀਰ ਜੀਦਾ ਨੇ ਲੋਕ ਪੱਖੀ ਗੀਤਾਂ ਨਾਲ ਹਾਜ਼ਰੀ ਲਗਵਾਈ| ਸਮਾਗਮ ਵਿੱਚ ਕਾਲੇ ਖੇਤੀ ਕਾਨੂੰਨ ਰੱਦ ਕਰਨ, ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀ/ਪੱਤਰਕਾਰ ਰਿਹਾਅ ਕਰਨ, ਕਿਸਾਨਾਂ ’ਤੇ ਜ਼ਬਰ ਬੰਦ ਕਰਨ, ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਬਹਾਲ ਕਰਨ ਤੇ ਕਿਸਾਨ ਘੋਲ ਵਿੱਚੋਂ ਬਿਨਾਂ ਕਸੂਰ ਜੇਲ੍ਹ ਡੱਕੀ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਤੁਰੰਤ ਰਿਹਾਅ ਕਰਨ ਦੇ ਮਤੇ ਪਾਸ ਕੀਤੇ ਗਏ|