ਦਵਿੰਦਰ ਪਾਲ
ਚੰਡੀਗੜ੍ਹ, 6 ਅਕਤੂਬਰ
ਪੰਜਾਬ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਰੱਦ ਕਰਾਉਣ ਲਈ ਰੇਲਾਂ ਦਾ ਅਣਮਿਥੇ ਸਮੇਂ ਤੱਕ ਚੱਕਾ ਜਾਮ ਕਰਨ ਦਾ ਸ਼ਰੂ ਕੀਤਾ ਅੰਦਲੋਨ ਅੱਜ 6 ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 24 ਸਤੰਬਰ ਤੋਂ ਸ਼ੁਰੂ ਕੀਤੇ ਸੰਘਰਸ਼ ਕਾਰਨ ਪੰਜਾਬ ਦਾ ਪੂਰੇ ਮੁਲਕ ਨਾਲੋਂ ਰੇਲ ਸੰਪਰਕ ਟੁੱਟਿਆਂ 13ਵਾਂ ਦਿਨ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਰੇਲ ਮਾਰਗਾਂ, ਕੌਮੀ ਤੇ ਰਾਜ ਮਾਰਗਾਂ ’ਤੇ ਸਥਿਤੀ ਟੌਲ ਪਲਾਜ਼ਿਆਂ, ਕਾਰਪੋਰੇਟ ਘਰਾਣਿਆਂ ਦੇ ਸ਼ਾਪਿੰਗ ਮਾਲਜ਼, ਪੈਟਰੋਲ ਪੰਪਾਂ ਅਤੇ ਹੋਰਨਾਂ ਕਾਰੋਬਾਰੀ ਟਿਕਾਣਿਆਂ ਸਮੇਤ ਤਕਰੀਬਨ 100 ਥਾਵਾਂ ’ਤੇ ਧਰਨਾ ਪ੍ਰਦਰਸ਼ਨ ਜਾਰੀ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 31 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ਨਾਲ ਤਾਲਮੇਲ ਵਜੋਂ 13 ਜ਼ਿਲ੍ਹਿਆਂ ’ਚ ਅਣਮਿਥੇ ਸਮੇਂ ਦੇ ਧਰਨੇ ਅੱਜ 50 ਥਾਂਵਾਂ ’ਤੇ ਲਾਉਣ ਦਾ ਦਾਅਵਾ ਕੀਤਾ ਹੈ। ਧਰਨਿਆਂ ਦੌਰਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਆਦਿ ਸ਼ਾਮਲ ਸਨ। ਕਿਸਾਨ ਆਗੂਆਂ ਵੱਲੋਂ ਇਸ ਘੋਲ ਵਿੱਚ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਵਪਾਰੀਆਂ, ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।
ਅਕਾਲੀ, ਕਾਂਗਰਸੀ ਤੇ ‘ਆਪ’ ਲੱਤਾਂ ਖਿੱਚਣੀਆਂ ਬੰਦ ਕਰਨ: ਕਿਸਾਨ ਜਥੇਬੰਦੀਆਂ
ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਿਹਾ ਹੈ ਕਿ ਆਪੋ ਆਪਣੀ ਰਾਜਨੀਤੀ ਚਮਕਾਉਣ ਲਈ ਇੱਕ ਦੂਜੇ ’ਤੇ ਚਿੱਕੜ ਉਛਾਲਣ ਦੀ ਥਾਂ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਿਆ ਜਾਵੇ। ਜਥੇਬੰਦੀਆਂ ਦੇ ਨੁਮਾਇੰਦੇ ਡਾ. ਦਰਸ਼ਨ ਪਾਲ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਪੰਜਾਬ ਅੰਦਰ ਤਿੰਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਮਾਅਰਕੇਬਾਜ਼ੀ ਦੀ ਜੋ ਰਾਜਨੀਤੀ ਖੇਡੀ ਜਾ ਰਹੀ ਹੈ ਉਸ ਨਾਲ ਨਾ ਤਾਂ ਕਿਸਾਨਾਂ ਦਾ ਲਾਭ ਹੋਣਾ ਹੈ ਤੇ ਨਾ ਹੀ ਕੇਂਦਰ ਨੂੰ ਰਾਜਸੀ ਧਿਰਾਂ ਸਪੱਸ਼ਟ ਸੰਦੇਸ਼ ਦੇ ਸਕਣਗੀਆਂ।