ਗੁਰਦੀਪ ਸਿੰਘ ਲਾਲੀ/ਮੇਜਰ ਸਿੰਘ ਮੱਟਰਾਂ
ਸੰਗਰੂਰ/ਭਵਾਨੀਗੜ੍ਹ, 5 ਅਕਤੂਬਰ
ਖੇਤੀ ਬਚਾਓ ਯਾਤਰਾ ਤਹਿਤ ਅੱਜ ਸੰਗਰੂਰ ਅਤੇ ਭਵਾਨੀਗੜ੍ਹ ਵਿਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨ ਦੇਸ਼ ਦੇ ਲੋਕਾਂ ਤੋ ਆਰਥਿਕ ਆਜ਼ਾਦੀ ਖੋਹ ਲੈਣਗੇ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਅੰਬਾਨੀ-ਅਡਾਨੀ ਦੀ ਮੱਦਦ ਕਰਨ ਵਾਸਤੇ ਹਿੰਦੁਸਤਾਨ ਦੀ ਆਤਮਾ ’ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ, ਜਦੋਂ ਰੀੜ੍ਹ ਦੀ ਹੱਡੀ ਹੀ ਟੁੱਟ ਗਈ ਤਾਂ ਪੂਰਾ ਦੇਸ਼ ਆਰਥਿਕ ਗੁਲਾਮੀ ਦਾ ਸ਼ਿਕਾਰ ਹੋ ਜਾਵੇਗਾ। ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਦੇ ਪ੍ਰਬੰਧਾਂ ਹੇਠ ਹੋਈ ਰੈਲੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਾਜਿੰਦਰ ਕੌਰ ਭੱਠਲ ਅਤੇ ਬਲਬੀਰ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ। ਸਮਾਗਮ ’ਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਰਣਦੀਪ ਸਿੰਘ ਸੁਰਜੇਵਾਲਾ, ਦੀਪੇਂਦਰ ਹੁੱਡਾ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹੋਏ। ਸੰਗਰੂਰ ’ਚ ਪਿੰਡ ਕਾਂਝਲਾ ਦੇ ਕਿਸਾਨ ਮੁਖਤਿਆਰ ਸਿੰਘ ਨੂੰ ਰਾਹੁਲ ਗਾਂਧੀ ਨਾਲ ਮਿਲਾਇਆ ਗਿਆ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੰਡੀਕਰਨ ਢਾਂਚਾ ਅਤੇ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਨੂੰ ਖ਼ਤਮ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਨ੍ਹਾਂ ਦੋਵੇਂ ਪ੍ਰਣਾਲੀਆਂ ਨੂੰ ਮੁਲਕ ਦੇ ਖੇਤੀਬਾੜੀ ਸੈਕਟਰ ਦੀ ਦੀਵਾਰ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ,‘‘ਜੇਕਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦਾ ਲੱਕ ਤੋੜਨ ਵਿੱਚ ਸਫ਼ਲ ਹੋ ਗਈ ਤਾਂ ਸਮੁੱਚਾ ਮੁਲਕ ਅੰਬਾਨੀ ਅਤੇ ਅਡਾਨੀ ਵਰਗੇ ਉਦਯੋਗਪਤੀਆਂ ਦਾ ਗੁਲਾਮ ਹੋ ਜਾਵੇਗਾ। ਮੰਡੀਕਰਨ ਅਤੇ ਐੱਮਐੱਸਪੀ ਸਿਸਟਮ ਨੂੰ ਤਬਾਹ ਨਹੀਂ ਹੋਣ ਦਿਆਂਗੇ ਅਤੇ ਕਿਸਾਨ-ਮਜ਼ਦੂਰ ਦੇ ਹੱਕ ਵਿਚ ਡੱਟ ਕੇ ਲੜਾਈ ਲੜਾਂਗੇ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭਾਰਤ ਨਾਲ ਉਹੋ ਕੁਝ ਕਰ ਰਹੀ ਹੈ ਜੋ ਕੁਝ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਨੇ ਕੀਤਾ ਸੀ। ਊਨ੍ਹਾਂ ਸਾਵਧਾਨ ਕਰਦਿਆਂ ਕਿਹਾ ਕਿ ਅੰਬਾਨੀ ਅਤੇ ਅਡਾਨੀ ਖੇਤੀ ਸੈਕਟਰ ਦੇ ਕਾਰਜਾਂ ਲਈ ਮਜ਼ਦੂਰਾਂ ਤੋਂ ਨਹੀਂ ਸਗੋਂ ਮਸ਼ੀਨਾਂ ਤੋਂ ਕੰਮ ਲੈਣਗੇ ਜਿਸ ਨਾਲ ਲੱਖਾਂ ਲੋਕ ਰੁਜ਼ਗਾਰ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਕਿਸਾਨਾਂ ਨੂੰ ਉਦਯੋਗਪਤੀਆਂ ਨਾਲ ਸੌਦੇਬਾਜ਼ੀ ਲਈ ਮਜਬੂਰ ਕਰ ਦਿੱਤਾ ਜਾਵੇਗਾ ਅਤੇ ਇੱਥੋਂ ਤੱਕ ਕਿ ਸੂਬੇ ਦਾ ਪ੍ਰਸ਼ਾਸਨ ਤੇ ਪੁਲੀਸ ਵੀ ਊਨ੍ਹਾਂ ਦੀ ਮਦਦ ਕਰਨ ਦੇ ਯੋਗ ਨਹੀਂ ਰਹਿਣਗੇ।
ਵਿਧਾਨ ਸਭਾ ਵਿੱਚ ਬਿੱਲ ਪਾਸ ਕਰਾਂਗੇ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਰਾਹ ਰੋਕਣ ਲਈ ਜੋ ਵੀ ਮਤਾ ਜਾਂ ਬਿੱਲ ਪਾਸ ਕਰਨ ਦੀ ਲੋੜ ਪਈ ਤਾਂ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਵਿੱਚ ਪਾਸ ਕਰੇਗੀ। ਊਨ੍ਹਾਂ ਅਹਿਦ ਲੈਂਦਿਆਂ ਕਿਹਾ ਕਿ ਕਿਸਾਨਾਂ ਦੇ ਹਿੱਤ ਮਹਿਫੂਜ਼ ਰੱਖਣ ਲਈ ਜੋ ਕੁਝ ਵੀ ਕਰਨਾ ਪਵੇਗਾ, ਉਹ ਕਰਨਗੇ। ਉਨ੍ਹਾਂ ਕਿਹਾ,‘‘ਹਰ ਔਖੇ ਸਮੇਂ ਕਿਸਾਨ ਆੜ੍ਹਤੀਏ ਦਾ ਕੁੰਡਾ ਖੜ੍ਹਕਾਉਂਦੇ ਸਨ ਪਰ ਕੀ ਹੁਣ ਕਿਸਾਨ ਮੁੰਬਈ ਜਾ ਕੇ ਅੰਬਾਨੀ-ਅਡਾਨੀ ਹੋਰਾਂ ਦੇ ਕੁੰਡੇ ਖੜਕਾਉਣਗੇ।’’