ਚਰਨਜੀਤ ਭੁੱਲਰ
ਚੰਡੀਗੜ੍ਹ, 15 ਜੂਨ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਕਿਸਾਨੀ ਮੁੱਦਿਆਂ ’ਤੇ ਕੇਂਦਰੀ ਅਨਿਆਂ ਖ਼ਿਲਾਫ਼ ਪੰਜਾਬ ਵਿੱਚ ਛੇਤੀ ਹੀ ਜਨ ਅੰਦੋਲਨ ਵਿੱਢਿਆ ਜਾਵੇਗਾ ਜਿਸ ਤਹਿਤ ਕਾਂਗਰਸ ਪਿੰਡ-ਪਿੰਡ ਜਾਵੇਗੀ। ਪੰਜਾਬ ਦੀ ਕਿਸਾਨੀ ਦੀ ਹੋਂਦ ਨੂੰ ਖ਼ਤਰਾ ਕਰਾਰ ਦੇਣ ਵਾਲੇ ਆਰਡੀਨੈਂਸਾਂ ਨਾਲ ਕਿਸਾਨਾਂ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਲਈ ਕਾਂਗਰਸ ਨੇ ਸੱਥਾਂ ਵਿੱਚ ਜਾਣ ਦਾ ਫੈਸਲਾ ਲਿਆ ਹੈ। ਰਾਜਪਾਲ ਨੂੰ ਅੱਜ ਇਕ ਮੰਗ ਪੱਤਰ ਭੇਜ ਕੇ ਕਾਂਗਰਸ ਨੇ ਇਸ ਜਨ ਅੰਦੋਲਨ ਦਾ ਮੁੱਢ ਬੰਨ੍ਹ ਦਿੱਤਾ ਹੈ। ਸ੍ਰੀ ਜਾਖੜ ਨੇ ਮੰਗਲਵਾਰ ਨੂੰ ਪੇਂਡੂ ਪਿਛੋਕੜ ਵਾਲੇ ਕਰੀਬ ਡੇਢ ਦਰਜਨ ਵਿਧਾਇਕਾਂ ਦੀ ਮੀਟਿੰਗ ਸੱਦੀ ਹੈ। ਮੀਟਿੰਗ ਵਿੱਚ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਹੋਣਗੇ। ਕਾਂਗਰਸ ਵੱਲੋਂ ਇਸ ਮੀਟਿੰਗ ਵਿਚ ‘ਜਨ ਅੰਦੋਲਨ’’ ਦੀ ਵਿਉਂਤਬੰਦੀ ਕੀਤੀ ਜਾਣੀ ਹੈ। ਕੇਂਦਰ ਸਰਕਾਰ ਦੇ ਆਰਡੀਨੈਂਸਾਂ ਨੇ ਪਿਛਲੇ ਸਮੇਂ ਦੌਰਾਨ ਲੋਕਾਂ ਵਿੱਚ ਅਕਸ ਗੁਆ ਚੁੱਕੀ ਕਾਂਗਰਸ ਨੂੰ ਹੌਸਲੇ ਵਿੱਚ ਕਰ ਦਿੱਤਾ ਹੈ। ਕਾਂਗਰਸ ਨੂੰ ਇਨ੍ਹਾਂ ਆਰਡੀਨੈਂਸਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ। ਕਾਂਗਰਸ ਇਸ ਅੰਦੋਲਨ ਰਾਹੀਂ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਸਾਬਿਤ ਕਰਨ ਦੀ ਕੋਸ਼ਿਸ਼ ਕਰੇਗੀ। ਅੱਜ ਸ੍ਰੀ ਜਾਖੜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਮੋਦੀ ਸਰਕਾਰ ਦੇ ਆਰਡੀਨੈਂਸ ਕਿਸਾਨਾਂ ਦੀ ਤਾਲਾਬੰਦੀ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕੇਂਦਰ ਦੀ ਸੋਚ ਦਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪਹਿਲਾਂ ਹੀ ਪ੍ਰਗਟਾਵਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸਾਨ ਨੇ ਮੁਲਕ ਦੇ ਅਨਾਜ ਭੰਡਾਰ ਊਣੇ ਨਹੀਂ ਹੋਣ ਦਿੱਤੇ, ਉਨ੍ਹਾਂ ਦੀਆਂ ਜਿਣਸਾਂ ਦੀਆਂ ਕੀਮਤਾਂ ਨੂੰ ਸ੍ਰੀ ਗਡਕਰੀ ਦੇਸ਼ ਦੀ ਆਰਥਿਕਤਾ ਲਈ ਖਤਰਾ ਦੱਸ ਰਹੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੀ ਕਿਸਾਨੀ ਦੀ ਹੋਂਦ ਨੂੰ ਖ਼ਤਰਾ ਹੈ। ਕੇਂਦਰ ਸਰਕਾਰ ਦੇ ਫੈਸਲੇ ਤੋਂ ਲੋਕਾਂ ਨੂੰ ਜਾਣੂ ਕਰਾਇਆ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਭਾਈਵਾਲ ਵਜੋਂ ਬੇਪਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਡਿੱਗ ਰਹੀਆਂ ਹਨ ਜਦੋਂ ਕਿ ਕੇਂਦਰ ਵੱਲੋਂ ਲਗਾਤਾਰ ਤੇਲ ਦੇ ਭਾਅ ਵਧਾਏ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੁਰਸੀ ਤੋਂ ਪੰਜਾਬ ਵਾਰ ਦਿੱਤਾ ਹੈ ਤੇ ਅਕਾਲੀ ਦਲ ਦੀ ਚੁੱਪੀ ਇਸ ਗੱਲ ਦੀ ਪ੍ਰਤੱਖ ਗਵਾਹ ਹੈ। ਕੇਂਦਰ ਕਰੋਨਾ ਦਾ ਲਾਹਾ ਲੈ ਕੇ ਕਿਸਾਨੀ ਨੂੰ ਬੋਝ ਨਾਲ ਲੱਦ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਪੰਜਾਬ ਵੀ ਇਸ ਜਨ ਅੰਦੋਲਨ ਵਿਚ ਭਾਗੀਦਾਰ ਬਣੇਗੀ। ਸ੍ਰੀ ਜਾਖੜ ਨੇ ਦੱਸਿਆ ਕਿ ਕਾਂਗਰਸ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਦੋ ਹਫ਼ਤਿਆਂ ਵਿਚ ਫੈਸਲਾ ਲੈ ਕੇ ਜਲਦੀ ਹੀ ਨਵੇਂ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ।
ਬਾਦਲਾਂ ਨੇ ਹਰਸਿਮਰਤ ਦੀ ਕੁਰਸੀ ਖਾਤਰ ਮੋਦੀ ਅੱਗੇ ਆਤਮ-ਸਮਰਪਣ ਕੀਤਾ: ਬ੍ਰਹਮਪੁਰਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਕਿਸਾਨਾਂ ਦੀ ਬਰਬਾਦੀ ਵਾਲੇ ਆਰਡੀਨੈਂਸ ਦਾ ਵਿਰੋਧ ਕਰਨ ਦੀ ਥਾਂ ਮੋਦੀ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ। ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਨੂੰ ਤੀਜੇ ਬਦਲ ਦੀ ਲੋੜ ਹੈ ਅਤੇ ਊਹ ਇਸ ਸਬੰਧੀ ਸਾਰਥਿਕ ਭੂਮਿਕਾ ਨਿਭਾਊਣਗੇ।