ਸਤਵਿੰਦਰ ਬਸਰਾ
ਲੁਧਿਆਣਾ, 23 ਸਤੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਲਾਲਜੀਤ ਸਿੰਘ ਭੁੱਲਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਨੇ ਖੇਤੀ ਵਿਗਿਆਨੀਆਂ ਨੂੰ ਦਫ਼ਤਰਾਂ ’ਚੋਂ ਨਿਕਲ ਕੇ ਖੇਤਾਂ ਤੱਕ ਪਹੁੰਚ ਕਰਨ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ’ਚੋਂ ਨਿਕਲਣ ਦੀ ਵੀ ਸਲਾਹ ਦਿੱਤੀ।
ਕੋਵਿਡ-19 ਕਰਕੇ ਤਿੰਨ ਸਾਲਾਂ ਬਾਅਦ ਲੱਗੇ ਇਸ ਮੇਲੇ ਵਿੱਚ ਵੱਡੀ ਗਿਣਤੀ ’ਚ ਕਿਸਾਨ ਪਹੁੰਚੇ ਹੋਏ ਸਨ। ਮੇਲੇ ਦੀ ਮੁੱਖ ਸਟੇਜ ’ਤੇ ਯੂਨੀਵਰਸਿਟੀ ਦੇ ਉੱਪ ਕੁਲਪਤੀ ਸਤਬਿੀਰ ਸਿੰਘ ਗੋਸਲ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਮਾਨ ਨੇ ਕਿਹਾ ਕਿ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਮਾਹਿਰਾਂ ਨੂੰ ਸਮੇਂ-ਸਮੇਂ ’ਤੇ ਫ਼ਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੇ ਢੁੱਕਵੇਂ ਇਲਾਜ ਕਰਨ ਅਤੇ ਕਿਸਾਨਾਂ ਦੀ ਅਗਵਾਈ ਕਰਨ ਲਈ ਖੇਤਾਂ ਵਿੱਚ ਜਾਣਾ ਪਵੇਗਾ।
ਕਿਹਾ ਕਿ ਇੱਕ ਕਿੱਲੋ ਚੌਲ ਪੈਦਾ ਕਰਨ ਲਈ 3900 ਲਿਟਰ ਪਾਣੀ ਦੀ ਵਰਤੋਂ ਹੁੰਦੀ ਹੈ, ਜਦਕਿ ਪੰਜਾਬ ’ਚ ਚੌਲਾਂ ਦੀ ਖਪਤ ਨਾ-ਮਾਤਰ ਹੈ। ਦੂਜੇ ਪਾਸੇ ਦੇਸ਼ ਵਿੱਚ 120 ਅਰਬ ਡਾਲਰ ਦੀਆਂ ਦਾਲਾਂ ਦਰਾਮਦ ਕੀਤੀਆਂ ਜਾਂਦੀਆਂ ਹਨ। ਇਸ ਲਈ ਦਾਲਾਂ ਦੀ ਖੇਤੀ ਲਾਹੇਵੰਦ ਸਾਬਤ ਹੋ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 18 ਅਕਤੂਬਰ ਨੂੰ ਪਰਾਲੀ ਦੇ ਨਬਿੇੜੇ ਸਬੰਧੀ ਇੱਕ ਯੂਨਿਟ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਜਿੱਥੇ ਰੋਜ਼ਾਨਾ 33 ਟਨ ਪਰਾਲੀ ਦੀ ਲੋੜ ਹੋਵੇਗੀ।
ਇਸ ਮੌਕੇ ਸ੍ਰੀ ਧਾਲੀਵਾਲ ਨੇ ਕਿਹਾ ਕਿ ਖੇਤੀਬਾੜੀ ਦੇ ਵਪਾਰ ਨੂੰ ਬਚਾਉਣ ਤੋਂ ਬਿਨਾਂ ਕਿਸਾਨ ਦਾ ਵਿਕਾਸ ਨਹੀਂ ਹੋ ਸਕਦਾ। ਇਸ ਮੇਲੇ ਵਿੱਚ ਨੇੜਲੇ ਸੂਬਿਆਂ ਤੋਂ ਵੀ ਵੱਡੀ ਗਿਣਤੀ ਕਿਸਾਨ ਪਹੁੰਚੇ ਹੋਏ ਸਨ। ਮੇਲੇ ਦੌਰਾਨ ਤਿੰਨ ਪੁਸਤਕਾਂ ਵੀ ਲੋਕ ਅਰਪਨ ਕੀਤੀਆਂ ਗਈਆਂ। ਸਮਾਗਮ ਦਾ ਸੰਚਾਲਨ ਡਾ. ਤੇਜਿੰਦਰ ਸਿੰਘ ਰਿਹਾੜ ਤੇ ਡਾ. ਨਿਰਮਲ ਜੌੜਾ ਨੇ ਕੀਤਾ।
ਮੇਲੇ ਦੌਰਾਨ ਪੰਜ ਅਗਾਂਵਧੂ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਵਿੱਚ ਸਵੱਦੀ ਕਲਾਂ ਦਾ ਸਤਪਾਲ ਸਿੰਘ ਤੂਰ, ਹੁਸ਼ਿਆਰਪੁਰ ਦਾ ਅੰਮ੍ਰਿਤਪਾਲ ਸਿੰਘ ਰੰਧਾਵਾ, ਬਠਿੰਡਾ ਦਾ ਸਤਨਾਮ ਸਿੰਘ, ਮਾਨਸਾ ਦਾ ਮਨਜੀਤ ਸਿੰਘ ਅਤੇ ਫ਼ਰੀਦਕੋਟ ਦੀ ਵੀਰਪਾਲ ਕੌਰ ਸ਼ਾਮਲ ਹਨ।
ਕਿਸਾਨਾਂ ਵੱਲੋਂ ਮੁੱਖ ਮੰਤਰੀ ਦਾ ਵਿਰੋਧ
ਲੁਧਿਆਣਾ (ਗਗਨ ਅਰੋੜਾ): ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਦੋ ਰੋਜ਼ਾ ਕਿਸਾਨ ਮੇਲੇ ’ਚ ਪਹਿਲੇ ਦਿਨ ਬਤੌਰ ਮੁੱਖ ਮਹਿਮਾਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਥੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨ ਪ੍ਰਬੰਧਾਂ ਦੀ ਘਾਟ ਅਤੇ ਪੁਲੀਸ ਵੱਲੋਂ ਕੀਤੀ ਜਾ ਰਹੀ ਸਖ਼ਤੀ ਕਾਰਨ ਨਾਰਾਜ਼ ਸਨ। ਰੋਹ ਵਿੱਚ ਆਏ ਕਿਸਾਨਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਮੇਲੇ ਦੌਰਾਨ ਪੁਲੀਸ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਕਿਤੇ ਵੀ ਘੁੰਮਣ ਨਹੀਂ ਦਿੱਤਾ ਜਾ ਰਿਹਾ। ਕਿਸਾਨ ਮੇਲੇ ਵਿੱਚ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਕਾਰਨ ਕਈ ਰਾਹ ਬੰਦ ਕੀਤੇ ਗਏ ਤੇ ਪੀਏਯੂ ਅੰਦਰ ਹੀ ਹੈਲੀਪੈਡ ਬਣਾਇਆ ਗਿਆ ਸੀ, ਜਿੱਥੋਂ ਮੁੱਖ ਮੰਤਰੀ ਦਾ ਕਾਫ਼ਲਾ ਸਮਾਗਮ ਸਥਾਨ ਵੱਲ ਚਲਾ ਗਿਆ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਨੇ ਗੇਟ ਨੰਬਰ ਦੋ ਦੇ ਬਾਹਰ ਹੀ ਕਿਸਾਨਾਂ ਦੀਆਂ ਗੱਡੀਆਂ ਸੜਕ ’ਤੇ ਖੜ੍ਹੀਆਂ ਕਰਵਾ ਦਿੱਤੀਆਂ ਤੇ ਉਨ੍ਹਾਂ ਨੂੰ ਪੈਦਲ ਅੰਦਰ ਜਾਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਹ ਮੇਲਾ ਤਿੰਨ ਸਾਲਾਂ ਬਾਅਦ ਲੱਗਿਆ ਹੈ ਤੇ ਉਹ ਨਵੀਂ ਤਕਨੀਕ ਦੇਖਣ ਲਈ ਇੱਥੇ ਪੁੱਜੇ ਹਨ, ਪਰ ਉਨ੍ਹਾਂ ਲਈ ਲਾਏ ਗਏ ਇਸ ਮੇਲੇ ਵਿੱਚ ਹੀ ਉਨ੍ਹਾਂ ਨੂੰ ਘੁੰਮਣ ਨਹੀਂ ਦਿੱਤਾ ਜਾ ਰਿਹਾ।
ਮੁੱਖ ਮੰਤਰੀ ਵੱਲੋਂ ਪਸ਼ੂ ਪਾਲਣ ਮੇਲੇ ਦਾ ਉਦਘਾਟਨ
ਲੁਧਿਆਣਾ (ਖੇਤਰੀ ਪ੍ਰਤੀਨਿਧ): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ਪਸ਼ੂ ਪਾਲਣ ਮੇਲੇ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਡੇਅਰੀ ਦਾ ਕਿੱਤਾ ਪ੍ਰਤੀ ਦਿਨ ਆਮਦਨ ਦੇਣ ਵਾਲਾ ਹੈ। ਇਸ ਮੌਕੇ ਉਨ੍ਹਾਂ ਨਾਲ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਲੁਧਿਆਣਾ ਜ਼ਿਲ੍ਹੇ ਦੇ ਵਿਧਾਇਕ, ਪੀਏਯੂ ਦੇ ਉਪ ਕੁਲਪਤੀ ਡਾ. ਐੱਸਐੱਸ ਗੋਸਲ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਪਸ਼ੂ ਮੇਲੇ ਦੌਰਾਨ ਮੁੱਖ ਮੰਤਰੀ ਵੱਖ ਵੱਖ ਸਟਾਲਾਂ ’ਤੇ ਗਏ ਤੇ ਪਸ਼ੂਧਨ ਕਿੱਤਿਆਂ ਤੇ ਬਿਹਤਰ ਨਸਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਕਈ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਕਿਸਾਨੀ ਮੁੱਦਿਆਂ ਸਬੰਧੀ ਉਨ੍ਹਾਂ ਦੇ ਵਿਚਾਰ ਜਾਣੇ। ਇਸ ਮੌਕੇ ’ਵਰਸਿਟੀ ਦੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਖੇਤੀ ਵਿਭਿੰਨਤਾ ਲਿਆਉਣ ਲਈ ਪਸ਼ੂ ਪਾਲਣ ਕਿੱਤੇ ਸਾਡੇ ਕੋਲ ਸਭ ਤੋਂ ਵਧੀਆ ਰਾਹ ਹਨ। ਇਨ੍ਹਾਂ ਕਿੱਤਿਆਂ ਵਿੱਚ ਵੱਡੀਆਂ ਸੰਭਾਵਨਾਵਾਂ ਲੁਕੀਆਂ ਹੋਈਆਂ ਹਨ। ਪਸ਼ੂ ਮੇਲੇ ਵਿੱਚ ਤਿੰਨ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਨਾਂ ਵਿੱਚ ਲੁਧਿਆਣਾ ਦਾ ਬਲਵਿੰਦਰ ਸਿੰਘ, ਜਤਿੰਦਰ ਪਾਲ ਸਿੰਘ ਅਤੇ ਪਿੰਡ ਸਸਰਾਲੀ ਦਾ ਸਤਨਾਮ ਸਿੰਘ ਸ਼ਾਮਲ ਹੈ।