* ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਅੰਕੜਿਆਂ ’ਚ ਫਰਕ ਦਾ ਨੋਟਿਸ ਲਿਆ
ਚਰਨਜੀਤ ਭੁੱਲਰ
ਚੰਡੀਗੜ੍ਹ, 12 ਨਵੰਬਰ
ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਪਰਾਲੀ ਪ੍ਰਦੂਸ਼ਣ ਦੀਆਂ ਘਟਨਾਵਾਂ ਵਿਚਲੇ ਫ਼ਰਕ ਦਾ ਸਖ਼ਤ ਨੋਟਿਸ ਲਿਆ ਹੈ। ਰਿਮੋਟ ਸੈਂਸਿੰਗ ਕੰਟਰੋਲ ਸੈਂਟਰ ਤਾਂ ਖੇਤਾਂ ’ਚ ਅੱਗ ਲੱਗਣ ਦੇ ਕੇਸਾਂ ਦੀ ਗਿਣਤੀ 10 ਨਵੰਬਰ ਤੱਕ 6,611 ਦਿਖਾਈ ਹੈ ਜਦਕਿ ਖੇਤਾਂ ਦੀ ਅਮਲੀ ਤੌਰ ’ਤੇ ਤਸਦੀਕ ਕਰਨ ’ਤੇ ਇਨ੍ਹਾਂ ਕੇਸਾਂ ’ਚੋਂ 2,983 ਖੇਤਾਂ ਵਿੱਚ ਕਿਤੇ ਵੀ ਅੱਗ ਲੱਗੀ ਨਹੀਂ ਮਿਲੀ। ਅਜਿਹੇ ’ਚ ਰਿਮੋਟ ਸੈਂਸਿੰਗ ਅਤੇ ਖੇਤਾਂ ਵਿਚ ਹਕੀਕੀ ਤੌਰ ’ਤੇ ਅੱਗ ਦੇ ਕੇਸਾਂ ’ਚ ਅੰਤਰ ਸਾਹਮਣੇ ਆਇਆ ਹੈ। ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀਆਂ ਕੇਂਦਰੀ ਟੀਮਾਂ ਨੇ ਇਸ ਸੱਚ ਦਾ ਪਤਾ ਲਾਇਆ ਹੈ ਤੇ ਇਨ੍ਹਾਂ ਟੀਮਾਂ ਦੇ ਅਧਿਕਾਰੀ ਕਾਫ਼ੀ ਤਲਖ਼ ਹਨ ਤੇ ਕਮਿਸ਼ਨ ਨੇ ਮਾਮਲੇ ਦੀ ਨਜ਼ਰਸਾਨੀ ਲਈ ਭਲਕੇ ਬੁੱਧਵਾਰ ਨੂੰ ਮੀਟਿੰਗ ਸੱਦੀ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ 10 ਨਵੰਬਰ ਤੱਕ ਪੰਜਾਬ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਕੁੱਲ ਗਿਣਤੀ 6,611 ਦੱਸੀ ਗਈ ਹੈ। ਖੇਤਾਂ ’ਚ ਤਸਦੀਕ ਕਰਨ ’ਤੇ ਸਾਹਮਣੇ ਆਇਆ ਹੈ ਕਿ ਰਿਮੋਟ ਸੈਂਸਿੰਗ ਵੱਲੋਂ ਰਿਪੋਰਟ ਕੀਤੇ ਕੇਸਾਂ ’ਚੋਂ 45 ਫ਼ੀਸਦੀ ਮਾਮਲਿਆਂ ’ਚ ਕਿਤੇ ਵੀ ਪਰਾਲੀ ਨੂੰ ਅੱਗ ਨਹੀਂ ਲਾਈ ਹੋਈ ਸੀ। ਪੰਜਾਬ ਸਰਕਾਰ ਵੱਲੋਂ ਟੀਮਾਂ ਬਣਾਈਆਂ ਗਈਆਂ ਟੀਮਾਂ ਰਿਮੋਟ ਸੈਂਸਿੰਗ ਸੈਂਟਰ ਦੀ ਰਿਪੋਰਟ ਦੀ ਜ਼ਮੀਨੀ ਤੌਰ ’ਤੇ ਤਸਦੀਕ ਕਰਦੀਆਂ ਹਨ।
ਝੋਨੇ ਦੀ ਪਰਾਲੀ ਸਬੰਧੀ ਪ੍ਰਬੰਧਨ ਸੈੱਲ ਦੇ ਮੁਖੀ ਗੁਰਨਾਮ ਸਿੰਘ ਨੇ ਪੁਸ਼ਟੀ ਕੀਤੀ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਖੇਤਾਂ ’ਚ ਸਭ ਤੋਂ ਵੱਧ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿੱਚ ਕਮਿਸ਼ਨ ਦੀਆਂ ਟੀਮਾਂ ਦੀ ਤਾਇਨਾਤੀ ਹੈ। ਕਮਿਸ਼ਨ ਦੀਆਂ ਟੀਮਾਂ ਪੰਜਾਬ ਦੇ 16 ਜ਼ਿਲ੍ਹਿਆਂ ਅਤੇ ਹਰਿਆਣਾ ਦੇ 10 ਜ਼ਿਲ੍ਹਿਆਂ ਵਿੱਚ ਪਰਾਲੀ ਪ੍ਰਦੂਸ਼ਣ ’ਤੇ ਨਜ਼ਰ ਰੱਖਣ ਵਾਸਤੇ ਤਾਇਨਾਤ ਹਨ। ਕਮਿਸ਼ਨ ਦੀਆਂ ਟੀਮਾਂ ਡਿਪਟੀ ਕਮਿਸ਼ਨਰਾਂ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮਦਦ ਨਾਲ ਜਲੰਧਰ, ਫ਼ਤਿਹਗੜ੍ਹ ਸਾਹਿਬ ਅਤੇ ਕਪੂਰਥਲਾ ’ਚ ਵੀ ਅੱਗ ਲੱਗਣ ਦੀਆਂ ਘਟਨਾਵਾਂ ਦੀ ਨਿਗਰਾਨੀ ਕਰ ਰਹੀਆਂ ਹਨ। ਅਧਿਕਾਰੀ ਦੱਸਦੇ ਹਨ ਕਿ ਅੰਕੜਿਆਂ ਵਿੱਚ ਫਰਕ ਆਉਣ ਦਾ ਮੁੱਖ ਕਾਰਨ ਇਹ ਹੈ ਕਿ ਸੈਟੇਲਾਈਟ ਥਰਮਲ ਸੈਂਸਿੰਗ ਰਾਹੀਂ ਤਸਵੀਰਾਂ ਖਿੱਚਦਾ ਹੈ। ਜਿਵੇਂ ਬਹੁਤ ਸਾਰੇ ਮਾਮਲਿਆਂ ਵਿੱਚ ਇਹ ਸੂਰਜੀ ਊਰਜਾ ਪੈਨਲ ਵਾਲੀਆਂ ਥਾਵਾਂ ਨੂੰ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਜੋਂ ਦਿਖਾ ਦਿੰਦਾ ਹੈ। ਕੂੜੇ ਸਾੜਨ ਦੀਆਂ ਘਟਨਾਵਾਂ ਵਿਚ ਇਸ ’ਚ ਸ਼ਾਮਲ ਹੋ ਜਾਂਦੀਆਂ ਹਨ। ਉਨ੍ਹਾਂ ਮੁਤਾਬਕ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਹਰੇਕ ਘਟਨਾ ਦੀ ਨਿੱਜੀ ਤੌਰ ’ਤੇ ਪੜਤਾਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਹੁਣ ਤੱਕ 7112 ਖੇਤਾਂ ’ਚ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ
ਵੇਰਵਿਆਂ ਅਨੁਸਾਰ ਪੰਜਾਬ ਵਿੱਚ ਹੁਣ ਤੱਕ 7,112 ਖੇਤਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਅੱਜ ਇੱਕੋ ਦਿਨ 83 ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ’ਚੋਂ 3,278 ਮਾਮਲਿਆਂ ਵਿੱਚ 1.01 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ ਤੇ 69.52 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਹੈ। ਜਦਕਿ 3,288 ਕਿਸਾਨਾਂ ਦੇ ਰਿਕਾਰਡ ਵਿੱਚ ਰੈੱਡ ਐਂਟਰੀਆਂ ਕੀਤੀਆਂ ਗਈਆਂ ਹਨ ਅਤੇ 3,606 ਕਿਸਾਨਾਂ ਵਿਰੁੱਧ ਪੁਲੀਸ ਕੇਸ ਦਰਜ ਕੀਤੇ ਗਏ ਹਨ।
ਕਮਿਸ਼ਨ ਵੱਲੋਂ ਸਮੀਖਿਆ ਮੀਟਿੰਗ ਅੱਜ
ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਇਸ ਮਾਮਲੇ ’ਤੇ 13 ਨਵੰਬਰ ਨੂੰ ਸਮੀਖਿਆ ਮੀਟਿੰਗ ਬੁਲਾਈ ਹੈ। ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਵਰਮਾ ਇਸ ਮੁੱਦੇ ’ਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਲੁਧਿਆਣਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ ਤੇ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਨਾਲ ਵੀ ਗੱਲਬਾਤ ਕਰਨਗੇ।
ਪੰਜਾਬ ਦੇ ਕਈ ਹਿੱਸਿਆਂ ’ਚ ਹਫ਼ਤੇ ਤੋਂ ਨਹੀਂ ਹੋਏ ਸੂਰਜ ਦੇ ਦਰਸ਼ਨ
ਪਟਿਆਲਾ (ਮੋਹਿਤ ਖੰਨਾ):
ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੋਈ ਧੁਆਂਖੀ ਧੁੰਦ ਕਾਰਨ ਸਥਿਤੀ ਅਜਿਹੀ ਬਣ ਗਈ ਹੈ ਕਿ ਸੂਰਜ ਦੀਆਂ ਕਿਰਨਾਂ ਧਰਤੀ ਦੀ ਸਤ੍ਵਾ ਤੱਕ ਨਹੀਂ ਪਹੁੰਚ ਰਹੀਆਂ। ਪੰਜਾਬ ਦੇ ਕਈ ਹਿੱਸਿਆਂ ਵਿੱਚ ਹਫਤੇ ਤੋਂ ਲੋਕਾਂ ਨੂੰ ਸੂਰਜ ਦੇ ਦਰਸ਼ਨ ਨਹੀਂ ਹੋਏ। ਮੌਸਮ ਵਿਗਿਆਨੀਆਂ ਨੇ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ ਦੀਵਾਲੀ ਮਗਰੋਂ ਪਹਿਲੀ ਨਵੰਬਰ ਨੂੰ 9.2 ਘੰਟੇ ਧੁੱਪ ਨਿਕਲੀ ਪਰ ਪਿਛਲੇ ਇੱਕ ਹਫ਼ਤੇ (6 ਤੋਂ 12 ਨਵੰਬਰ) ਤੱਕ ਧੁੱਪ ਦੇ ਘੰਟੇ ਵੀ ਸਿਫ਼ਰ ਹੋ ਗਏ ਹਨ। ਮੌਸਮ ਮਾਹਿਰਾਂ ਨੇ ਕਿਹਾ ਕਿ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀਆਂ ਵਧਦੀਆਂ ਘਟਨਾਵਾਂ, ਖਾਸ ਕਰ ਸ਼ਾਮ ਸਮੇਂ ਇਸ ਸਮੱਸਿਆ ਨੂੰ ਹੋਰ ਵਧਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੱਧ ਨਮੀ ਅਤੇ ਹਵਾ ਦੀ ਗਤੀ ਘੱਟ ਹੋਣ ਕਾਰਨ ਪਰਾਲੀ ਦਾ ਧੂੰਆਂ ਫੈਲਦਾ ਨਹੀਂ ਅਤੇ ਗੁਬਾਰ ਬਣਿਆ ਰਹਿੰਦਾ ਹੈ। ਇਸ ਨਾਲ ਖੇਤਰ ਵਿੱਚ ਧੁਆਂਖੀ ਧੁੰਦ ਦੀ ਚਾਦਰ ਬਣ ਜਾਂਦੀ ਹੈ ਜੋ ਸੂਰਜ ਦੀ ਰੌਸ਼ਨੀ ਨੂੰ ਧਰਤੀ ਤੱਕ ਪਹੁੰਚਣ ਤੋਂ ਰੋਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਮੁੱਖ ਖੇਤੀ ਮੌਸਮ ਵਿਗਿਆਨੀ ਕੇਕੇ ਗਿੱਲ ਨੇ ਕਿਹਾ ਕਿ ਇਹ ਸਥਿਤੀ ਅਕਤੂਬਰ ਦੇ ਦੂਸਰੇ ਹਫ਼ਤੇ ਮਗਰੋਂ ਹਵਾ ਦੀ ਗਤੀ ਸਥਿਰ ਰਹਿਣ ਕਾਰਨ ਬਣੀ ਹੈ।
ਅਗਲੇ ਦਿਨਾਂ ’ਚ ਧੁਆਂਖੀ ਧੁੰਦ ਤੋਂ ਰਾਹਤ ਮਿਲਣ ਦੀ ਸੰਭਾਵਨਾ
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਅਗਲੇ ਕੁੱਝ ਦਿਨਾਂ ਦੌਰਾਨ ਥੋੜ੍ਹੀ ਰਾਹਤ ਮਿਲ ਸਕਦੀ ਹੈ ਕਿਉਂਕਿ ਅਗਲੇ ਕੁੱਝ ਦਿਨਾਂ ਦੌਰਾਨ ਹਵਾਵਾਂ 15 ਤੋਂ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਮੌਜੂਦਾ ਸਥਿਤੀ ਲਈ ਜਲਵਾਯੂ ਪਰਿਵਰਤਨ ਨੂੰ ਜ਼ਿੰਮੇਵਾਰ ਠਹਿਰਾਇਆ।
ਹਵਾ ਪ੍ਰਦੂਸ਼ਣ ਲਈ ਮਹਿਜ਼ ਕਿਸਾਨਾਂ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ: ਕਟਾਰੀਆ
ਲੁਧਿਆਣਾ:
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਲਈ ਸਿਰਫ ਕਿਸਾਨਾਂ ਨੂੰ ਨਿਸ਼ਾਨਾ ਬਣਾਉਣਾ ਸਹੀ ਨਹੀਂ ਹੈ, ਸਗੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਹੱਲ ਕੀਤਾ ਜਾ ਸਕੇ। ਗੁਲਾਬ ਚੰਦ ਕਟਾਰੀਆ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਕਿਸਾਨਾਂ ਨੂੰ ਲੋੜੀਂਦੀ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀਆਰਐੱਮ) ਮਸ਼ੀਨਰੀ ਦੇਣੀ ਯਕੀਨੀ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਹ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ‘ਜਲਵਾਯੂ ਤਬਦੀਲੀਆਂ ਤੇ ਊਰਜਾ ਪਰਿਵਰਤਨ ਦੇ ਮੱਦੇਨਜ਼ਰ ਖੇਤੀਬਾੜੀ ਖੁਰਾਕ ਪ੍ਰਣਾਲੀਆਂ ਵਿੱਚ ਤਬਦੀਲੀ’ ਵਿਸ਼ੇ ਉੱਤੇ ਕੌਮਾਂਤਰੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਕਟਾਰੀਆ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਪ੍ਰਦੂਸ਼ਣ ਸਿਰਫ ਪੰਜਾਬ ਤੋਂ ਹੀ ਫੈਲ ਰਿਹਾ ਹੈ। ਅਕਤੂਬਰ ਅਤੇ ਨਵੰਬਰ ਵਿੱਚ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਵਿੱਚ ਵਾਧੇ ਲਈ ਅਕਸਰ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਉਨ੍ਹਾਂ ਕਿਹਾ,‘ਦਿੱਲੀ ਵਾਲੇ ਕਹਿ ਰਹੇ ਹੋਣਗੇ ਕਿ ਪੰਜਾਬ ਪ੍ਰਦੂਸ਼ਣ ਫੈਲਾ ਰਿਹਾ ਹੈ ਪਰ ਪ੍ਰਦੂਸ਼ਣ ਸਿਰਫ਼ ਪੰਜਾਬ ਤੋਂ ਹੀ ਨਹੀਂ ਫੈਲ ਰਿਹਾ ਹੈ।