ਸੰਤੋਖ ਗਿੱਲ
ਗੁਰੂਸਰ ਸੁਧਾਰ, 7 ਅਗਸਤ
ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਪਿੰਡ ਹਲਵਾਰਾ ਦੀ ਡਰੇਨ ਲਾਗੇ ਅੱਜ ਲਾਏ ਗਏ ‘ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ’ ਦੇ ਦਿਸ਼ਾ ਸੂਚਕ ਬੋਰਡ ਤੋਂ ਪਿੰਡ ਐਤੀਆਣਾ ਦੇ ਲੋਕ ਹੈਰਾਨ ਹਨ। ਲੋਕ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ ਲਈ ਜ਼ਮੀਨ ਤਾਂ ਐਤੀਆਣਾ ਤੋਂ ਲੈ ਲਈ ਪਰ ਇਸ ਦਾ ਨਾਮ ਹਲਵਾਰਾ ਰੱਖ ਦਿੱਤਾ। ਹਾਲੇ ਤਾਂ ਪਿੰਡ ਦੇ ਲੋਕ ਹਵਾਈ ਅੱਡੇ ਲਈ ਸਰਕਾਰ ਵੱਲੋਂ ਕੌਡੀਆਂ ਦੇ ਭਾਅ ਗ੍ਰਹਿਣ ਕੀਤੀ ਗਈ 162 ਏਕੜ ਜ਼ਮੀਨ ਦਾ ਮੁਆਵਜ਼ਾ ਲੈਣ ਲਈ ਕਚਹਿਰੀਆਂ ਦੇ ਚੱਕਰ ਕੱਟ ਰਹੇ ਹਨ ਪਰ ਦਿਸ਼ਾ ਸੂਚਕ ਬੋਰਡ ਨੇ ਉਨ੍ਹਾਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ।
ਲੋਕਾਂ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਪਿੰਡ ਇੱਥੋਂ ਥੋੜ੍ਹੀ ਦੂਰ ਹੈ ਜਿਸ ਕਾਰਨ ਉਹ ਪਹਿਲੇ ਦਿਨ ਤੋਂ ਹਵਾਈ ਅੱਡੇ ਦਾ ਨਾਂ ਸ਼ਹੀਦ ਦੇ ਨਾਂ ’ਤੇ ਰੱਖਣ ਦੀ ਮੰਗ ਕਰਦੇ ਆ ਰਹੇ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਹਿਰਾਂ ਦੀ ਟੀਮ ਜਦੋਂ ਤਜਵੀਜ਼ਤ ਹਵਾਈ ਅੱਡੇ ਦੇ ਸਮਾਜਿਕ ਸਰੋਕਾਰਾਂ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਸਰਵੇਖਣ ਕਰਨ ਆਈ ਸੀ ਤਾਂ ਪਿੰਡ ਵਾਸੀਆਂ ਨੇ ਉਸ ਸਮੇਂ ਵੀ ਗ੍ਰਾਮ ਸਭਾ ਦੇ ਆਮ ਸਮਾਗਮ ਵਿੱਚ ਸਰਬਸੰਮਤੀ ਨਾਲ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਐਤੀਆਣਾ ਰੱਖਣ ਦੀ ਮੰਗ ਕੀਤੀ ਸੀ। ਉਸ ਵੇਲੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਅਜਿਹਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਹ ਵਾਅਦਾ ਵਫ਼ਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਐਤੀਆਣਾ ਦੀ ਪੰਚਾਇਤ, ਨੌਜਵਾਨ ਸਭਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਸਰਕਾਰ ਤੋਂ ਇਸ ਹਵਾਈ ਅੱਡੇ ਦਾ ਨਾਂ ‘ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਏਅਰਪੋਰਟ ਐਤੀਆਣਾ’ ਰੱਖਣ ਦੀ ਮੰਗ ਕੀਤੀ ਹੈ।
ਐਤੀਆਣਾ ਵਾਸੀਆਂ ਵੱਲੋਂ ਸੰਘਰਸ਼ ਦਾ ਐਲਾਨ
ਸਰਪੰਚ ਲਖਵੀਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਕਿਸਾਨ ਯੂਨੀਅਨ ਦੇ ਜ਼ਿਲ੍ਹਾ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਢੱਟ, ਇਨਕਲਾਬ ਜ਼ਿੰਦਾਬਾਦ ਲਹਿਰ ਦੇ ਆਗੂ ਸੁਖਵਿੰਦਰ ਸਿੰਘ ਹਲਵਾਰਾ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਡਟਵਾਂ ਵਿਰੋਧ ਕਰਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਮਕਰਨ ਸਬੰਧੀ ਪਹਿਲਾਂ ਵੀ ਉਨ੍ਹਾਂ ਸਿਆਸੀ ਆਗੂਆਂ ਨੂੰ ਮੰਗ ਪੱਤਰ ਦੇਣ ਸਮੇਤ ਇਲਾਕੇ ਭਰ ਵਿਚ ਦਸਤਖ਼ਤੀ ਮੁਹਿੰਮ ਚਲਾਈ ਸੀ। ਹੁਣ ਫਿਰ ਇਸ ਸਬੰਧੀ ਸੰਘਰਸ਼ ਕੀਤਾ ਜਾਵੇਗਾ।