ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਕਤੂਬਰ
ਅਕਾਲ ਡਿਗਰੀ ਕਾਲਜ ਫਾਰ ਵਿਮੈੱਨ ਦੇ ਪ੍ਰਿੰਸੀਪਲ ਦਫ਼ਤਰ ਨੂੰ ਜਿੰਦਰੇ ਲਗਾਉਣ ਅਤੇ ਪ੍ਰਿੰਸੀਪਲ ਨੂੰ ਕਾਲਜ ਅੰਦਰ ਦਾਖਲ ਹੋਣ ਤੋਂ ਰੋਕਣ ਦੀਆਂ ਲਗਾਤਾਰ ਦੋ ਦਿਨ ਵਾਪਰੀਆਂ ਘਟਨਾਵਾਂ ਤੋਂ ਬਾਅਦ ਸੰਗਰੂਰ ਪੁਲੀਸ ਨੇ ਪ੍ਰਿੰਸੀਪਲ ਦੀ ਸ਼ਿਕਾਇਤ ’ਤੇ ਅੱਜ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿੰਸੀਪਲ ਡਾ. ਸੁਖਮੀਨ ਕੌਰ ਸਿੱਧੂ ਨੇ ਸ਼ਿਕਾਇਤ ਦਿੱਤੀ ਹੈ ਕਿ 28 ਅਕਤੂਬਰ ਨੂੰ ਕਾਲਜ ਦੇ ਮੁੱਖ ਗੇਟ ਨੂੰ ਅੰਦਰੋਂ ਜਿੰਦਰੇ ਲਾ ਕੇ ਉਸ ਨੂੰ ਅੰਦਰ ਦਾਖਲ ਹੋਣ ’ਤੋਂ ਰੋਕਿਆ ਗਿਆ। ਕਾਲਜ ਦੇ ਡਾਟਾ ਐਨਾਲਿਸਟ ਸੰਨਤ ਜਿੰਦਲ ਤੇ ਬੀਐੱਡ ਕਾਲਜ ਦੇ ਕਲਰਕ ਨੇ ਉਨ੍ਹਾਂ ਨੂੰ ਕਾਲਜ ਪ੍ਰਧਾਨ ਕਰਨਵੀਰ ਸਿੰਘ ਸਬਿੀਆ ਦਾ ਕਾਗਜ਼ੀ ਆਰਡਰ ਫੜ੍ਹਾਉਂਦਿਆਂ ਸਖ਼ਤ ਭਾਸ਼ਾ ਵਿੱਚ ਅੰਦਰ ਜਾਣ ਤੋਂ ਰੋਕਿਆ। ਪ੍ਰਿੰਸੀਪਲ ਨੇ ਆਪਣੀ ਮੁਅੱਤਲੀ ਰੱਦ ਹੋਣ ਦੇ ਹੁਕਮ ਦੀ ਕਾਪੀ ਵੀ ਦਿਖਾਈ ਪਰ ਉਨ੍ਹਾਂ ਜਿੰਦਰੇ ਨਹੀਂ ਖੋਲ੍ਹੇ। ਕਾਲਜ ਵਿੱਚ ਮੌਜੂਦ ਡਾਂਗਾਂ ਚੁੱਕੀ ਅਣਪਛਾਤੇ ਵਿਅਕਤੀਆਂ ਨੇ ਵਿਦਿਆਰਥਣਾਂ ਨਾਲ ਵੀ ਧੱਕਾ-ਮੁੱਕੀ ਕੀਤੀ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਇਸ ਸਬੰਧੀ ਵਿਦਿਆਰਥਣਾਂ ਤੇ ਕਾਲਜ ਸਟਾਫ਼ ਵੱਲੋਂ ਪ੍ਰਿੰਸੀਪਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਪ੍ਰਿੰਸੀਪਲ ਨੇ ਜ਼ਿਲ੍ਹਾ ਪੁਲੀਸ ਮੁਖੀ ਤੋਂ ਮੰਗ ਕੀਤੀ ਹੈ ਕਿ ਕਾਲਜ ਵਿੱਚ ਅਣਪਛਾਤੇ ਬੰਦਿਆਂ ਵੱਲੋਂ ਵਿਦਿਆਰਣਾਂ ਤੇ ਸਟਾਫ਼ ਨਾਲ ਕੀਤੀ ਬਦਸਲੂਕੀ ਦੀ ਜਾਂਚ ਕੀਤੀ ਜਾਵੇ। ਡੀਐੱਸਪੀ ਸੱਤਪਾਲ ਸ਼ਰਮਾ ਨੇ ਕਿਹਾ ਕਿ ਸ਼ਿਕਾਇਤ ਪ੍ਰਾਪਤ ਹੋਣ ’ਤੇ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।