ਚਰਨਜੀਤ ਭੁੱਲਰ
ਚੰਡੀਗੜ੍ਹ, 5 ਮਾਰਚ
ਬਜਟ ਇਜਲਾਸ ’ਚ ਸਿਫਰ ਕਾਲ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਿਸਾਨ ਘੋਲ ਦੇ ਮੁੱਦੇ ਨੂੰ ਲੈ ਕੇ ਆਪਸ ਵਿੱਚ ਭਿੜ ਪਏ। ਇਸ ਦੌਰਾਨ ਕਿਸਾਨੀ ਘੋਲ ਸਬੰਧੀ ਦਰਜ ਝੂਠੇ ਕੇਸਾਂ ਦਾ ਮੁੱਦਾ ਛਾਇਆ ਰਿਹਾ। ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਸਾਨੀ ਘੋਲ ਦੌਰਾਨ ਦਿੱਲੀ ਪੁਲੀਸ ਵੱਲੋਂ ਦਰਜ ਕੀਤੇ ਗਏ ਝੂਠੇ ਕੇਸਾਂ ਦੇ ਮੁੱਦੇ ’ਤੇ ਦਿੱਲੀ ਦੀ ‘ਆਪ’ ਸਰਕਾਰ ’ਤੇ ਉਂਗਲ ਚੁੱਕੀ। ਮਜੀਠੀਆ ਨੇ ਕਿਹਾ ਕਿ ਦਿੱਲੀ ਪੁਲੀਸ ਨੇ 150 ਨੌਜਵਾਨਾਂ ਨੂੰ ਤਿਹਾੜ ਜੇਲ੍ਹ ਭੇਜਿਆ ਤੇ ਦਿੱਲੀ ’ਚ ਦਸਤਾਰਾਂ ਦੀ ਬੇਅਦਬੀ ਹੋਈ। ਜਦੋਂ ਨੌਜਵਾਨਾਂ ਦੀਆਂ ਜ਼ਮਾਨਤਾਂ ਕਰਾਉਣੀਆਂ ਸ਼ੁਰੂ ਕੀਤੀਆਂ ਤਾਂ ‘ਆਪ’ ਸਰਕਾਰ ਦੇ ਜੇਲ੍ਹ ਮੰਤਰੀ ਸਤਿੰਦਰ ਜੈਨ ਨੇ ਅਦਾਲਤਾਂ ’ਚ ਜ਼ਮਾਨਤਾਂ ਦਾ ਵਿਰੋਧ ਕੀਤਾ।
‘ਆਪ’ ਵਿਧਾਇਕ ਹਰਪਾਲ ਚੀਮਾ ਨੇ ਮਜੀਠੀਆ ’ਤੇ ਹੱਲਾ ਬੋਲਦਿਆਂ ਕਿਹਾ ਕਿ ‘ਆਪ’ ਸਰਕਾਰ ਦਿੱਲੀ ਵਿੱਚ ਵਕੀਲਾਂ ਦਾ ਪੈਨਲ ਬਣਾ ਕੇ ਜ਼ਮਾਨਤਾਂ ਕਰਾ ਰਹੀ ਹੈ। ਭਾਜਪਾ ਸਰਕਾਰ ਵੱਲੋਂ 9 ਸਟੇਡੀਅਮਾਂ ਨੂੰ ਜੇਲ੍ਹਾਂ ਵਿੱਚ ਤਬਦੀਲ ਕੀਤੇ ਜਾਣ ਦੀ ਮੰਗ ਨੂੰ ਕੇਜਰੀਵਾਲ ਸਰਕਾਰ ਨੇ ਠੁਕਰਾਇਆ। ਦਿੱਲੀ ਮੋਰਚਾ ਵਿੱਚ ‘ਆਪ’ ਸਰਕਾਰ ਮੈਡੀਕਲ, ਵਾਈ-ਫਾਈ ਤੇ ਪਾਣੀ ਆਦਿ ਦੀ ਸਹੂਲਤ ਵੀ ਦੇ ਰਹੀ ਹੈ।
ਸਪੀਕਰ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਮਾਹੌਲ ਠੰਢਾ ਕਰਨ ਲਈ ਅਪੀਲ ਕੀਤੀ। ਕੁਲਤਾਰ ਸੰਧਵਾਂ ਨੇ ਸਿਫਰ ਕਾਲ ਦੌਰਾਨ ਗੁੰਮ ਹੋਈਆਂ ਬੱਚੀਆਂ ਦਾ ਮਾਮਲਾ ਚੁੱਕਿਆ ਤੇ ‘ਆਪ’ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਕਿਸਾਨ ਘੋਲ ਦੌਰਾਨ ਸ਼ਹੀਦ ਹੋਏ ਗੁਰਜਿੰਦਰ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਮੁਆਵਜ਼ਾ ਨਾ ਮਿਲਣ ਦਾ ਮਾਮਲਾ ਉਠਾਇਆ।
ਵਿਧਾਇਕ ਸੁਖਪਾਲ ਖਹਿਰਾ ਨੇ ਉਸ ਨੌਜਵਾਨ ਰਣਜੀਤ ਦੀ ਤਸਵੀਰ ਸਦਨ ਵਿੱਚ ਦਿਖਾਈ ਜਿਸ ਦੇ ਮੂੰਹ ’ਤੇ ਦਿੱਲੀ ਪੁਲੀਸ ਦੇ ਇੱਕ ਥਾਣੇਦਾਰ ਨੇ ਬੂਟ ਰੱਖਿਆ ਹੋਇਆ ਹੈ। ਕਾਂਗਰਸੀ ਵਿਧਾਇਕ ਹਰਜੋਤ ਕਮਲ ਨੇ ਬੈਲ ਗੱਡੀਆਂ ਵਿੱਚ ਵਿਧਾਨ ਸਭਾ ’ਚ ਆਉਣ ਵਾਲੇ ਮਾਮਲੇ ਨੂੰ ਡਰਾਮਾ ਦੱਸਿਆ। ਕੰਵਰ ਸੰਧੂ ਨੇ ਅੰਦੋਲਨ ਦੌਰਾਨ ਦਿੱਲੀ ਅਤੇ ਹਰਿਆਣਾ ਵਿਚ ਹੋਈਆਂ ਜ਼ਿਆਦਤੀਆਂ ਦੇ ਮਾਮਲੇ ਵਿੱਚ ਹਾਊਸ ਦੀ ਇੱਕ ਸਰਬ ਪਾਰਟੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ। ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਕਰੋਨਾਕਾਲ ਦੌਰਾਨ ਨਿੱਜੀ ਸਕੂਲਾਂ ਤੋਂ ਰੋਕੀ ਵਸੂਲੀ ਦੇ ਇੱਕ ਸਾਲ ਦੇ ਅਰਸੇ ਵਿੱਚ ਇੱਕ ਸਾਲ ਹੋਰ ਵਾਧਾ ਕਰਨ ਦੀ ਮੰਗ ਰੱਖੀ।
ਵਿਧਾਇਕ ਸ਼ਰਨਜੀਤ ਸਿੰਘ ਢਿਲੋਂ ਨੇ ਢਾਈ ਵਰ੍ਹਿਆਂ ਤੋਂ ਧਰਨੇ ’ਤੇ ਬੈਠੇ ਮੁਲਾਜ਼ਮਾਂ ਅਤੇ ਵਿਧਾਇਕਾ ਸਤਿਕਾਰ ਕੌਰ ਨੇ ਫਿਰੋਜ਼ਪੁਰ ਦਿਹਾਤੀ ’ਚ ਆਈਟੀਆਈ ਬਣਾਉਣ ਨਾ ਬਣਾਉਣ ਦਾ ਮੁੱਦਾ ਚੁੱਕਿਆ। ਵਿਧਾਇਕ ਪਿਰਮਲ ਸਿੰਘ ਨੇ ਦਿੱਲੀ ਮੋਰਚਾ ’ਚ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਜੱਗੀ ਬਾਬਾ ਦਾ ਮਾਮਲਾ ਚੁੱਕਿਆ। ਵਿਧਾਇਕ ਰੋਜ਼ੀ ਬਰਕੰਦੀ ਨੇ ਫਰੀਦਕੋਟ ਦੇ ਠੇਕੇਦਾਰ ਕਰਨ ਕਟਾਰੀਆ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਅਤੇ ਉਸ ਦੇ ਰਿਸ਼ਤੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਵਿਧਾਇਕ ਗੁਰਪ੍ਰਤਾਪ ਵਡਾਲਾ ਨੇ ਕਿਸਾਨ ਸੰਘਰਸ਼ ਦੌਰਾਨ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਉਠਾਉਦਿਆਂ ਆਖਿਆ ਕਿ ਦੁਨੀਆਂ ਵਿੱਚ ਭਾਰਤ ਦਾ ਅਕਸ ਖ਼ਰਾਬ ਹੋ ਰਿਹਾ ਹੈ।
ਸੁਖਪਾਲ ਖਹਿਰਾ ਅਤੇ ਕੁਲਤਾਰ ਸੰਧਵਾਂ ਵਿੱਚ ਤਲਖੀ
ਸਿਫਰ ਕਾਲ ਦੌਰਾਨ ‘ਆਪ’ ਵਿਧਾਇਕ ਅਤੇ ਸੁਖਪਾਲ ਖਹਿਰਾ ਵਿਚਾਲੇ ਵੀ ਆਪਸ ਵਿੱਚ ਖੜਕੀ। ਖਹਿਰਾ ਨੇ ਦਿੱਲੀ ਪੁਲੀਸ ਦੇ ਤਸ਼ੱਸਦ ਦਾ ਮਾਮਲਾ ਉਠਾਉਣ ਮਗਰੋਂ ਹੁੱਝ ਮਾਰੀ ਕਿ ਉਹ ਫਰਜ਼ੀ ਇਨਕਲਾਬੀਆਂ ਨਾਲ ਨਹੀਂ ਹੈ। ਖਹਿਰਾ ਨੇ ਲਲਕਾਰੇ ਵਾਲੇ ਸੁਰ ਵਿੱਚ ਕੇਜਰੀਵਾਲ ਵੱਲੋਂ ਅਕਾਲੀਆਂ ਤੋਂ ਮੰਗੀ ਮੁਆਫੀ ਦਾ ਜ਼ਿਕਰ ਕੀਤਾ। ਉਸ ਤੋਂ ਪਹਿਲਾਂ ਜਦੋਂ ਖਹਿਰਾ ਬੋਲਣ ਲਈ ਖੜ੍ਹੇ ਹੋਏ ਸਨ ਤਾਂ ਕੁਲਤਾਰ ਸੰਧਵਾਂ ਨੇ ਉੱਠ ਕੇ ਸਪੀਕਰ ਨੂੰ ਆਖ ਦਿੱਤਾ, ‘‘ਪਹਿਲਾਂ ਇਸ ਤੋਂ (ਖਹਿਰਾ) ਤੋਂ ਪਾਰਟੀ ਤਾਂ ਪੁੱਛ ਲਓ।’’ ਸਪੀਕਰ ਨੇ ਵਰਜਿਆ ਕਿ ਸਦਨ ਦਾ ਮੈਂਬਰ ਹੋਣਾ ਜ਼ਰੂਰੀ ਹੈ, ਨਾ ਕਿ ਕਿਸੇ ਪਾਰਟੀ ਦਾ।
ਜਿਣਸ ਦੀ ਸਿੱਧੀ ਅਦਾਇਗੀ ਟਕਰਾਅ ਪੈਦਾ ਕਰੇਗੀ: ਅਮਨ
‘ਆਪ’ ਦੇ ਵਿਧਾਇਕ ਅਮਨ ਅਰੋੜਾ ਨੇ ਠੇਕੇ ’ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਿਣਸ ਦੀ ਸਿੱਧੀ ਅਦਾਇਗੀ ’ਤੇ ਅੜੀ ਗਈ ਹੈ, ਜਿਸ ਕਰਕੇ ਆਉਂਦੇ ਸੀਜ਼ਨ ’ਚ ਮੁਸ਼ਕਲ ਖੜ੍ਹੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਦੀ ਕਿਸਾਨਾਂ ਤੇ ਆੜ੍ਹਤੀਆਂ ਵਿਚਾਲੇ ਟਕਰਾਅ ਕਰਵਾਉਣ ਦੀ ਚਾਲ ਹੈ। ਇਸ ਬਿਪਤਾ ਬਾਰੇ ਸਰਕਾਰ ਨੂੰ ਸਮੇਂ ਸਿਰ ਸੋਚਣਾ ਚਾਹੀਦਾ ਹੈ।
ਬਜਟ ਚੁਸਕੀਆਂ !
• ਚੰਡੀਗੜ੍ਹ: ਸਦਨ ’ਚ ਅੱਜ ਜਦੋਂ ਅਕਾਲੀ ਦਲ ਅਤੇ ‘ਆਪ’ ਵਿਧਾਇਕ ਸਪੀਕਰ ਦੇ ਆਸਣ ਮੂਹਰੇ ਨਾਅਰੇ ਲਾ ਰਹੇ ਸਨ ਤਾਂ ਦੋਵਾਂ ਧਿਰਾਂ ਦੇ ਸੁਰ ਮਿਲ ਰਹੇ ਸਨ। ਸੰਧਵਾਂ ਨਾਅਰਾ ਮਾਰਦਾ ਤਾਂ ਪਿੱਛੇ ਖੜ੍ਹਾ ਮਜੀਠੀਆ ਜੁਆਬ ਦਿੰਦਾ। ਰੋਜ਼ੀ ਬਰਕੰਦੀ ਨਾਅਰੇ ਛੱਡਦਾ ਤਾਂ ‘ਆਪ’ ਵਾਲੇ ਜੁਆਬ ਦਿੰਦੇ।
• ਸਦਨ ’ਚ ਜਦੋਂ ਕੁਲਬੀਰ ਜ਼ੀਰਾ ਨੂੰ ਜ਼ੀਰਾ ਦੀ ਪੁਰਾਣੀ ਸ਼ੂਗਰ ਮਿੱਲ ਨੂੰ ਮੁੜ ਚਾਲੂ ਕਰਨ ਪ੍ਰਤੀ ਕੋਈ ਹੁੰਗਾਰਾ ਨਾ ਮਿਲਿਆ ਤਾਂ ਉਨ੍ਹਾਂ ਅੱਕ ਕੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਆਖਿਆ, ‘ਹੋਰ ਕੁਝ ਨਹੀਂ ਬਣਾਉਣਾ ਤਾਂ ਜ਼ੀਰੇ ਜੇਲ੍ਹ ਹੀ ਬਣਾ ਦਿਓ।’
• ਸਪੀਕਰ ਅੱਜ ਸਦਨ ’ਚ ਕਈ ਵਾਰ ਐਨ.ਕੇ. ਸ਼ਰਮਾ ਨੂੰ ਅਪੀਲ ਕਰਦੇ ਰਹੇ…‘ਪੰਡਤ ਜੀ…ਪੰਡਤ ਜੀ… ਹੁਣ ਵੱਸ ਵੀ ਕਰੋ।’
• ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਟਰਾਂਸਪੋਰਟ ਮੰਤਰੀ ਤੋਂ ਕਪੂਰਥਲਾ ਵਿੱਚ ਖੇਤਰੀ ਟਰਾਂਸਪੋਰਟ ਅਥਾਰਿਟੀ ਦੇ ਦਫਤਰ ਦੀ ਮੰਗ ਕਰਦਿਆਂ ਤਰਕ ਦਿੱਤਾ ਕਿ ‘ਕਪੂਰਥਲੇ ਵਾਲੇ ਤਾਂ ਜਲੰਧਰ ਚਲਾਨ ਭੁਗਤਣ ਗਏ ਵੀ ਚਲਾਨ ਕਟਾ ਬੈਠਦੇ ਨੇ।’
• ਗੁਰਪ੍ਰਤਾਪ ਵਡਾਲਾ ਨੇ ਅੱਜ ਸਦਨ ’ਚ ਗਰੇਟਾ ਥੁਨਵਰਗ ਅਤੇ ਦਿਸ਼ਾ ਰਵੀ ਦਾ ਜ਼ਿਕਰ ਕੀਤਾ ਜਦੋਂ ਕਿ ਸੁਖਪਾਲ ਖਹਿਰਾ ਨੇ ਜੌਰਜ ਫਲਾਇਡ ਦਾ ਜ਼ਿਕਰ ਕੀਤਾ, ਜਿਸ ਦੀ ਧੌਣ ’ਤੇ ਅਮਰੀਕੀ ਗੋਰੇ ਅਫਸਰ ਨੇ ਗੋਡਾ ਰੱਖਿਆ ਸੀ।
• ਅਮਨ ਅਰੋੜਾ ਅੱਜ ਵਜ਼ੀਰ ਭਾਰਤ ਭੂਸ਼ਨ ਆਸ਼ੂ ਨੂੰ ਆਖ ਬੈਠੇ ‘ ਆਸ਼ੂ ਜੀ ਬੈਠ ਜਾਓ’ ਜਦੋਂ ਸਪੀਕਰ ਨੇ ਟੋਕਿਆ ਤਾਂ ਅਮਨ ਨੇ ਉਦੋਂ ਹੀ ਪੈਂਤੜਾ ਬਦਲ ਲਿਆ, ‘ਆਸ਼ੂ ਜੀ ਵੱਡੇ ਭਰਾ ਨੇ ਅਤੇ ਸਪੀਕਰ ਸਾਹਿਬ ਤੁਸੀਂ ਪਿਤਾ ਸਮਾਨ ਹੋ।’
• ਵਿਧਾਇਕ ਮੀਤ ਹੇਅਰ ਨੇ ਬਰਨਾਲਾ ਦੇ ਖੇਡ ਸਟੇਡੀਅਮ ਦੀ ਗੱਲ ਕਰਦਿਆਂ ਕਿਹਾ ਕਿ, ‘ਟਰੈਕ ਤਾਂ ਉੱਚਾ ਨੀਵਾਂ ਹੈ, ਸੈਰ ਕਰਨ ਗਏ ਲੋਕ ਡਿੱਗ ਪੈਂਦੇ ਨੇ, ਘਾਹ ਲੱਗ ਨਹੀਂ ਸਕਦਾ, ਸਟੇਡੀਅਮ ਦੀਆਂ ਕੰਧਾਂ ਨੂੰ ਕੀ ਚੱਟਣੈ।’
• ਸੁਖਪਾਲ ਖਹਿਰਾ ਅੱਜ ਹਾਕਮ ਧਿਰ ਪ੍ਰਤੀ ਮਿੱਠੇ ਨਜ਼ਰ ਆਏ। ਉਹ ਉਚੇਚੇ ਤੌਰ ’ਤੇ ਹਾਕਮ ਧਿਰ ਦੇ ਬੈਂਚਾਂ ’ਤੇ ਵੀ ਆਏ। ਜਦੋਂ ਖਹਿਰਾ ਨੇ ‘ਆਪ’ ਨੂੰ ਰਗੜੇ ਲਾਏ ਤਾਂ ਸੱਤਾਧਾਰੀ ਧਿਰ ਨੇ ਮੇਜ਼ ਥਪਥਪਾਏ।
• ਜਦੋਂ ਵਿਰੋਧੀ ਧਿਰਾਂ ਸਪੀਕਰ ਦੇ ਆਸਣ ਅੱਗੇ ਨਾਅਰੇ ਮਾਰ ਰਹੀਆਂ ਸਨ ਤਾਂ ਬੈਂਚਾਂ ਦੇ ਸਪੀਕਰ ਚਾਲੂ ਕਰਕੇ ਕੁਲਬੀਰ ਜ਼ੀਰਾ ਅਤੇ ਦਵਿੰਦਰ ਘੁਬਾਇਆ ਵਿਰੋਧੀਆਂ ਨੂੰ ਜੁਆਬ ਦੇਣ ਲਈ ਹੇਕ ਲਾ ਕੇ ਰਗੜੇ ਲਾ ਰਹੇ ਸਨ।
• ਸਦਨ ਵਿੱਚ ਅੱਜ ਕੋਵਿਡ ਨੇਮ ਤਾਰ-ਤਾਰ ਹੋ ਗਏ। ਜਦੋਂ ਵਿਰੋਧੀ ਨਾਅਰੇ ਮਾਰ ਰਹੇ ਸਨ ਤਾਂ 17 ਵਿਧਾਇਕ ਤੇ ਵਜ਼ੀਰ ਮੁੱਖ ਮੰਤਰੀ ਦੇ ਚਾਰ ਚੁਫੇਰੇ ਖੜ੍ਹੇ ਸਨ।
• ਰਾਣਾ ਗੁਰਜੀਤ ਸਿੰਘ ਨੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ’ਤੇ ਟਕੋਰ ਕਰਦਿਆਂ ਕਿਹਾ ਕਿ ‘ਸਦਕੇ ਜਾਵਾਂ ਮੰਤਰੀ ਦੇ, ਸ਼ੂਗਰ ਮਿੱਲ ਵਾਲੀ ਥਾਂ ’ਤੇ ਤੇਲ ਪੰਪ ਲਾਉਣ ਤੁਰ ਪਏ।’