ਦਵਿੰਦਰ ਪਾਲ
ਮੁੱਖ ਅੰਸ਼
- ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦੇਣ ਦਾ ਫ਼ੈਸਲਾ
- 50 ਫ਼ੀਸਦ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ: ਸੁਖਬੀਰ ਬਾਦਲ
ਚੰਡੀਗੜ੍ਹ, 2 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਖੁੱਸੀ ਹੋਈ ਸਿਆਸੀ ਜ਼ਮੀਨ ਮੁੜ ਤੋਂ ਹਾਸਲ ਕਰਨ ਲਈ ਜਥੇਬੰਦਕ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਬਾਦਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਪ੍ਰਧਾਨ ਲਗਾਤਾਰ ਦੋ ਟਰਮਾਂ ਲਈ ਅਹੁਦੇ ’ਤੇ ਬਣਿਆ ਰਹਿ ਸਕਦਾ ਹੈ। ਪ੍ਰਧਾਨ ਦਾ ਇਕ ਵਾਰ ਦਾ ਕਾਰਜਕਾਲ ਪੰਜ ਸਾਲਾਂ ਦਾ ਹੋਵੇਗਾ। ਇਸੇ ਤਰ੍ਹਾਂ ਚੋਣਾਂ ਦੌਰਾਨ ਇੱਕ ਪਰਿਵਾਰ ’ਚ ਇੱਕ ਹੀ ਟਿਕਟ ਦੇਣ, ਜ਼ਿਲ੍ਹਾ ਪ੍ਰਧਾਨਾਂ ਦੇ ਚੋਣ ਲੜਨ ’ਤੇ ਰੋਕ ਲਾਉਣ ਅਤੇ ਸੱਤਾ ’ਚ ਆਉਣ ਦੀ ਸੂਰਤ ਵਿੱਚ ਚੇਅਰਮੈਨੀਆਂ ਪਾਰਟੀ ਆਗੂਆਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੀ ਥਾਂ ਵਰਕਰਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਪ੍ਰਧਾਨ ਨੇ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਨਵੇਂ ਚਿਹਰੇ ਸ਼ਾਮਲ ਕਰਨ ਦਾ ਐਲਾਨ ਵੀ ਕੀਤਾ।
ਸ੍ਰੀ ਬਾਦਲ ਨੇ ਕਿਹਾ ਕਿ ਸਾਲ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 117 ਹਲਕਿਆਂ ਲਈ ਦਿੱਤੀਆਂ ਜਾਣ ਵਾਲੀਆਂ ਪਾਰਟੀ ਦੀਆਂ ਟਿਕਟਾਂ ’ਚੋਂ 50 ਫੀਸਦੀ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਵਰਕਰਾਂ ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਹੋਣਗੀਆਂ, ਨੂੰ ਦਿੱਤੀਆਂ ਜਾਣਗੀਆਂ। ਇਨ੍ਹਾਂ ਐਲਾਨਾਂ ਨੂੰ ਇਤਿਹਾਸਕ ਕਰਾਰ ਦਿੰਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੱਧ ਤੋਂ ਵੱਧ ਦਸ ਸਾਲਾਂ ਜਾਂ ਦੋ ਟਰਮਾਂ ਲਈ ਅਹੁਦੇ ’ਤੇ ਬਣਿਆ ਰਹਿ ਸਕਦਾ ਹੈ। ਉਸ ਤੋਂ ਬਾਅਦ ਇੱਕ ਵਾਰ ਬਰੇਕ ਲੈ ਕੇ ਅਗਲੀ ਵਾਰ ਫਿਰ ਪ੍ਰਧਾਨ ਦੀ ਚੋਣ ਲੜ ਸਕਦਾ ਹੈ। ਵਿਧਾਨ ਸਭਾ ਜਾਂ ਸੰਸਦੀ ਚੋਣਾਂ ਦੌਰਾਨ ਇੱਕ ਪਰਿਵਾਰ ਵਿੱਚ ਸਿਰਫ ਇੱਕ ਹੀ ਟਿਕਟ ਦਿੱਤੀ ਜਾਵੇਗੀ। ਪਾਰਟੀ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਨਾਲ ਸਬੰਧਤ ਜੋ ਆਗੂ ਜਾਂ ਮੈਂਬਰ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ, ਅਜਿਹੇ ਵਿਅਕਤੀ ਦਾ ਸਿੱਖੀ ਸਰੂਪ ਵਿੱਚ ਪਰਿਪੱਕ ਹੋਣਾ ਜ਼ਰੂਰੀ ਹੋਵੇਗਾ ਪਰ ਇਹ ਨਿਯਮ ਹੋਰਨਾਂ ਵਰਗਾਂ ਨਾਲ ਸਬੰਧ ਰੱਖਦੇ ਪਾਰਟੀ ਆਗੂਆਂ ਜਾਂ ਵਰਕਰਾਂ ’ਤੇ ਲਾਗੂ ਨਹੀਂ ਹੋਵੇਗਾ। ਪਾਰਟੀ ਦੇ ਜਥੇਬੰਦਕ ਢਾਂਚੇ ਦੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਬੂਥ ਪ੍ਰਧਾਨ, ਬੂਥ ਪ੍ਰਧਾਨ ਇਸਤਰੀ ਵਿੰਗ, ਬੂਥ ਪ੍ਰਧਾਨ ਯੂਥ ਵਿੰਗ ਦੀ ਚੋਣ ਪਿੰਡ ਵਾਲੇ ਬੂਥ ਦੇ ਲੋਕ ਖੁਦ ਇਕੱਠੇ ਹੋ ਕੇ ਕਰਨਗੇ। ਇਨ੍ਹਾਂ ਅਹੁਦਿਆਂ ਲਈ ਨਿਯੁਕਤੀਆਂ ਦੀ ਥਾਂ ਸਿਰਫ਼ ਚੋਣ ਹੋਵੇਗੀ। ਉਨ੍ਹਾਂ ਦੱਸਿਆ ਕਿ 25 ਬੂਥ ਪ੍ਰਧਾਨਾਂ ਵਿੱਚੋਂ ਸਰਕਲ ਪ੍ਰਧਾਨ ਚੁਣਿਆ ਜਾਵੇਗਾ। ਇਸੇ ਤਰ੍ਹਾਂ ਇਸਤਰੀ ਵਿੰਗ ਸਰਕਲ ਪ੍ਰਧਾਨ ਅਤੇ ਸਰਕਲ ਯੂਥ ਵਿੰਗ ਪ੍ਰਧਾਨ ਚੁਣੇ ਜਾਣਗੇ। ਇਸ ਸਾਰੀ ਪ੍ਰਕਿਰਿਆ ਨੂੰ 30 ਨਵੰਬਰ ਤੱਕ ਸਿਰੇ ਚਾੜ੍ਹਿਆ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਦਾ ਕੋਈ ਵੀ ਜ਼ਿਲ੍ਹਾ ਪ੍ਰਧਾਨ ਕਿਸੇ ਵੀ ਤਰ੍ਹਾਂ ਦੀ ਚੋਣ ਨਹੀਂ ਲੜੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਇੱਕ ਸੰਸਦੀ ਬੋਰਡ ਦਾ ਗਠਨ ਕੀਤਾ ਜਾਵੇਗਾ ਤੇ ਇਹ ਬੋਰਡ ਵਿਧਾਨ ਸਭਾ ਜਾਂ ਸੰਸਦੀ ਚੋਣਾਂ ਲੜਨ ਵਾਲਿਆਂ ਬਾਰੇ ਸਮੀਖਿਆ ਕਰੇਗਾ ਅਤੇ ਜਨ ਆਧਾਰ ਵਾਲੇ ਆਗੂਆਂ ਦੇ ਨਾਮ ਦੀ ਸਿਫਾਰਿਸ਼ ਕਰੇਗਾ। ਇਸੇ ਤਰ੍ਹਾਂ ਕੋਰ ਕਮੇਟੀ ਵਿੱਚ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ।
ਪਾਰਟੀ ਦੇ ਵਿਦਿਆਰਥੀ ਵਿੰਗ ਬਹਾਲ ਕੀਤੇ ਜਾਣਗੇ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਵਿਦਿਆਰਥੀ ਵਿੰਗ ਐੱਸਓਆਈ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਬਹਾਲ ਕੀਤੇ ਜਾਣਗੇ, ਜਿਨ੍ਹਾਂ ਵਿੱਚ ਵੱਧ ਤੋਂ ਵੱਧ 30 ਸਾਲ ਉਮਰ ਵਰਗ ਵਾਲਿਆਂ ਅਤੇ ਸਿਰਫ਼ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੌਜਵਾਨਾਂ ਦੀਆਂ ਨਿਯੁਕਤੀਆਂ ਹੋਣਗੀਆਂ। ਯੂਥ ਵਿੰਗ ਦੇ ਆਗੂਆਂ ਦੀ ਉਮਰ ਵੱਧ ਤੋਂ ਵੱਧ 35 ਸਾਲ ਹੋਵੇਗੀ ਅਤੇ ਸਿਰਫ ਪ੍ਰਧਾਨ ਦੇ ਅਹੁਦੇ ਲਈ ਪੰਜ ਸਾਲ ਤੱਕ ਛੋਟ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਦਾ ਇਕ ਸਲਾਹਕਾਰ ਬੋਰਡ ਵੀ ਬਣੇਗਾ।