ਖੇਤਰੀ ਪ੍ਰਤੀਨਿਧ
ਪਟਿਆਲਾ, 13 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸ਼ਤਾਬਦੀ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਸੋਚ ਨੂੰ ਪਿਆਰ ਕਰਨ ਵਾਲ਼ੇ ਲੋਕਾਂ ਲਈ ਇਹ ਚਿੰਤਨ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਿਧਾਂਤਾਂ ਤੇ ਰਵਾਇਤਾਂ ਲਈ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਅਤੇ ਜਿਨ੍ਹਾਂ ਸਿਧਾਂਤਕ ਏਜੰਡਿਆਂ ਦੀ ਪਹਿਰੇਦਾਰੀ ਕਰਦਾ ਸੀ, ਉਸ ਵਿਚਾਰਧਾਰਾ ਨੂੰ ਹੁਣ ਅਕਾਲੀ ਦਲ ਵਿਸਾਰ ਚੁੱਕਾ ਹੈ, ਇਸ ਦੇੇ ਸਿੱਟੇ ਵਜੋਂ ਹੀ ਅੱਜ ਚੌਰਾਹੇ ’ਤੇ ਖੜ੍ਹਾ ਹੈ।
‘ਪੰਜਾਬੀ ਟ੍ਰਿਬਿਊਨ’ ਨਾਲ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜਿਹੜਾ ਅਕਾਲੀ ਦਲ ਹਮੇਸ਼ਾ ਪੰਥ ਦੇ ਮੁੱਖ ਸਿਧਾਂਤਾਂ, ਘੱਟ ਗਿਣਤੀਆਂ, ਵੱਧ ਅਧਿਕਾਰਾਂ, ਕਿਸਾਨਾਂ, ਕਿਰਤੀਆਂ ਅਤੇ ਗ਼ਰੀਬਾਂ ਦੀ ਗੱਲ ਕਰਦਾ ਸੀ, ਹੁਣ ਇਨ੍ਹਾਂ ਸਾਰੇ ਮੁੱਦਿਆਂ ’ਤੇ ਘਿਰ ਚੁੱਕਾ ਹੈ।