ਦਵਿੰਦਰ ਪਾਲ
ਚੰਡੀਗੜ੍ਹ, 10 ਅਗਸਤ
ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ‘ਬਾਗੀ’ ਆਗੂ ਜਗਮੀਤ ਸਿੰਘ ਬਰਾੜ ਨੂੰ ਕੱਢਣ ਦੀ ਤਿਆਰੀ ਖਿੱਚ ਲਈ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਜਗਮੀਤ ਸਿੰਘ ਬਰਾੜ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੇ ਟਿੱਪਣੀਆਂ ਨੂੰ ਅਨੁਸ਼ਾਸਨਹੀਣਤਾ ਮੰਨਿਆ ਜਾ ਰਿਹਾ ਹੈ। ਇਸ ਲਈ ਪਾਰਟੀ ਸਾਰੇ ਮਾਮਲੇ ’ਤੇ ਵਿਚਾਰ ਕਰ ਰਹੀ ਹੈ ਤੇ ਅਨੁਸ਼ਾਸਨਹੀਣਤਾ ਦੀ ਕਾਰਵਾਈ ਕਿਸੇ ਵੀ ਸਮੇਂ ਹੋ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇਬੰਦਕ ਢਾਂਚਾ ਤਾਂ ਭੰਗ ਕਰ ਦਿੱਤਾ ਸੀ ਪਰ ਪਿਛਲੇ ਦਿਨਾਂ ਦੌਰਾਨ ਅਨੁਸ਼ਾਸਨੀ ਕਮੇਟੀ ਦਾ ਗਠਨ ਕਰਕੇ ਪਾਰਟੀ ਅੰਦਰ ਬਾਗੀ ਗਤੀਵਿਧੀਆਂ ਕਰ ਰਹੇ ਆਗੂਆਂ ਖ਼ਿਲਾਫ਼ ਕਾਰਵਾਈ ਦਾ ਸਪੱਸ਼ਟ ਸੰਦੇਸ਼ ਦਿੱਤਾ ਸੀ। ਇਸ ਕਮੇਟੀ ਦਾ ਮੁਖੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਬਣਾਇਆ ਗਿਆ ਹੈ। ਪਾਰਟੀ ਅੰਦਰਲੇ ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਤਾਂ ਸ਼ੁਰੂਆਤ ਹੈ ਤੇ ਆਉਣ ਵਾਲੇ ਦਿਨਾਂ ਦੌਰਾਨ ਹੋਰਨਾਂ ਆਗੂਆਂ ਖਿਲਾਫ਼ ਵੀ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ। ਅੰਮ੍ਰਿਤਸਰ ਵਿੱਚ ਪਿਛਲੇ ਦਿਨਾਂ ਦੌਰਾਨ ਹੋਈ ਮੀਟਿੰਗ ਨੂੰ ਵੱਡੀ ਬਗਾਵਤੀ ਗਤੀਵਿਧੀ ਮੰਨਆ ਜਾ ਰਿਹਾ ਹੈ। ਲੰਘੀ ਰਾਤ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਅੱਧੀ ਦਰਜਨ ਸੀਨੀਅਰ ਆਗੂਆਂ ਨਾਲ ਪਾਰਟੀ ਅੰਦਰ ਪੈਦਾ ਹੋਏ ਤਾਜ਼ਾ ਹਾਲਤ ਅਤੇ ਵੱਖਰੇ ਧੜੇ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਰਚਾ ਵੀ ਕੀਤੀ। ਉਧਰ ਪਾਰਟੀ ਪ੍ਰਧਾਨ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਵੀ ਸੁਖਬੀਰ ਸਿੰਘ ਬਾਦਲ ਰਾਹਤ ਮਹਿਸੂਸ ਕਰ ਰਹੇ ਹਨ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਮਾਝੇ ਦੇ ਆਗੂਆਂ ਦਰਮਿਆਨ ਉੱਠ ਰਹੀਆਂ ਬਾਗੀ ਸੁਰਾਂ ਠੰਢੀਆਂ ਕਰਨ ’ਚ ਮਜੀਠੀਆ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਤਾਂ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਨਾ ਕਿਸੇ ਮੀਟਿੰਗ ਵਿੱਚ ਗੁਪਤ ਤਰੀਕੇ ਚੱਲ ਰਹੀਆਂ ਸਨ ਪਰ ਇਕਬਾਲ ਸਿੰਘ ਝੂੰਦਾਂ ਕਮੇਟੀ ਵੱਲੋਂ ਰਿਪੋਰਟ ਦੇਣ ਤੇ ਸੰਗਰੂਰ ਸੰਸਦੀ ਹਲਕੇ ਦੀ ਚੋਣ ਵਿੱਚ ਪਾਰਟੀ ਨੂੰ ਬਹੁਤ ਘੱਟ ਵੋਟਾਂ ਪੈਣ ਦੀ ਸਥਿਤੀ ਸਾਹਮਣੇ ਆਉਣ ਤੋਂ ਬਾਅਦ ਕਈ ਆਗੂ ਖੁਲ੍ਹੇਆਮ ਬੋਲਣ ਲੱਗੇ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਬਰਾੜ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਇਸ ਲਈ ਸ੍ਰੀ ਬਰਾੜ ਵਿਰੁੱਧ ਕਾਰਵਾਈ ਦਾ ਮੁੱਢ ਬੰਨ੍ਹਿਆ ਜਾ ਰਿਹਾ ਹੈ। ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਪਿਛਲੇ ਦਿਨਾਂ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਕਈ ਫ਼ੈਸਲਿਆਂ ਦੀ ਆਲੋਚਨਾ ਕੀਤੀ ਸੀ। ਇਸ ਤਰ੍ਹਾਂ ਪਾਰਟੀ ਨੂੰ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਅਕਾਲੀ ਦਲ ਵਿੱਚ ਦੂਜੀ ਕਤਾਰ ਦੇ ਆਗੂਆਂ ਤੋਂ ਮੰਨੀ ਜਾ ਰਹੀ ਹੈ। ਇਨ੍ਹਾਂ ’ਚ ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਮਾਝੇ ਦੇ ਆਗੂ ਰਵੀਇੰਦਰ ਸਿੰਘ ਕਾਹਲੋਂ ਸ਼ਾਮਲ ਹਨ। ਇਨ੍ਹਾਂ ਆਗੂਆਂ ਨੂੰ ਮੁੱਖ ਧਾਰਾ ਵਿੱਚ ਰੱਖਣਾ ਵੱਡੀ ਚੁਣੌਤੀ ਹੈ। ਇਯਾਲੀ ਨੇ ਤਾਂ ਸੁਖਬੀਰ ਸਿੰਘ ਦੀ ਇੱਕ ਤੋਂ ਵੱਧ ਵਾਰੀ ਖੁੱਲ੍ਹੇਆਮ ਆਲੋਚਨਾ ਕੀਤੀ ਹੈ।
ਪਾਰਟੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕੁਰਸੀ ਮੁੜ ਹਾਸਲ ਕਰਨ ਲਈ ਵਿਰੋਧੀਆਂ ਅਤੇ ਮੁੱਖ ਧਾਰਾ ਦੇ ਅਕਾਲੀਆਂ ਦੋਵੇਂ ਪਾਸੇ ਹੀ ਤਾਲਮੇਲ ਰੱਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਵਿੱਖ ’ਚ ਜਥੇਬੰਦਕ ਢਾਂਚੇ ਦਾ ਗਠਨ ਵੀ ਕੀਤਾ ਜਾਣਾ ਹੈ।