ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਅਗਸਤ
ਸ੍ਰੀ ਅਕਾਲ ਤਖ਼ਤ ਵੱਲੋਂ ਸਨਮਾਨੀਆਂ ਜਾਣ ਵਾਲੀਆਂ 11 ਸਿੱਖ ਸ਼ਖਸੀਅਤਾਂ ਵਿਚ ਸ਼ਾਮਲ ਦਲ ਖਾਲਸਾ ਦੇ ਬਾਨੀ ਆਗੂ ਅਤੇ ਹਵਾਈ ਜਹਾਜ਼ ਅਗਵਾ ਕਰਤਾ ਭਾਈ ਗਜਿੰਦਰ ਸਿੰਘ ਨੂੰ ਪੰਥ ਸੇਵਕ ਦਾ ਐਵਾਰਡ ਦੇਣ ਦੇ ਫ਼ੈਸਲੇ ਬਾਰੇ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਨੇ ਚੁੱਪ ਧਾਰੀ ਹੋਈ ਹੈ।
ਸ੍ਰੀ ਅਕਾਲ ਤਖ਼ਤ ਵਿੱਚ ਬੀਤੇ ਦਿਨੀਂ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ 11 ਸਿੱਖ ਸ਼ਖਸੀਅਤਾਂ ਨੂੰ ਵੱਖ ਵੱਖ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਵਿਚ ਚਾਰ ਸ਼ਖਸੀਅਤਾਂ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ (ਦਮਦਮੀ ਟਕਸਾਲ), ਗਿਆਨੀ ਬਲਵੰਤ ਸਿੰਘ ਕੋਠਾ ਗੁਰੂ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਗਿਆਨੀ ਮੇਵਾ ਸਿੰਘ, ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ ਹੁਣ ਇਸ ਦੁਨੀਆਂ ਵਿਚ ਨਹੀਂ ਹਨ।
ਇਨ੍ਹਾਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਨਾਮ ਸਿੰਘ, ਭਾਈ ਹਰਸਿਮਰਨ ਸਿੰਘ ਆਨੰਦਪੁਰ ਸਾਹਿਬ, ਭਾਈ ਹਰਿੰਦਰ ਸਿੰਘ ਖਾਲਸਾ, ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਡਾ. ਦਰਸ਼ਨ ਸਿੰਘ, ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ, ਗਿਆਨੀ ਗੁਰਚਰਨ ਸਿੰਘ ਮੁਕਤਸਰੀ ਤੇ ਬੜੂ ਸਾਹਿਬ ਵਾਲੇ ਬਾਬਾ ਇਕਬਾਲ ਸਿੰਘ ਨੂੰ ਵੱਖ ਵੱਖ ਐਵਾਰਡ ਦਿੱਤੇ ਜਾਣਗੇ।
ਇਨ੍ਹਾਂ 11 ਸਿੱਖ ਸ਼ਖਸੀਅਤਾਂ ਵਿਚ ਸ਼ਾਮਲ ਦਲ ਖਾਲਸਾ ਦੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਇਸ ਵੇਲੇ ਜਲਾਵਤਨ ਹਨ। ਉਨ੍ਹਾਂ ’ਤੇ ਸਤੰਬਰ 1981 ਵਿਚ ਭਾਰਤੀ ਹਵਾਈ ਜਹਾਜ਼ ਅਗਵਾ ਕਰਨ ਦਾ ਦੋਸ਼ ਹੈ। ਗਰਮ ਖਿਆਲੀ ਜਥੇਬੰਦੀ ਨਾਲ ਜੁੜੇ ਇਸ ਆਗੂ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਪੰਥ ਸੇਵਕ ਦਾ ਐਵਾਰਡ ਦੇਣ ਦਾ ਮਾਮਲਾ ਆਉਂਦੇ ਦਿਨਾਂ ਵਿਚ ਵਿਵਾਦ ਦਾ ਵਿਸ਼ਾ ਬਣ ਸਕਦਾ ਹੈ।
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਗ ਸਿੰਘ ਅਣਖੀ, ਆਦਿ ਨੇ ਟਕਸਾਲ ਦੇ 12ਵੇਂ ਮੁਖੀ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਪੰਥ ਰਤਨ ਸਨਮਾਨ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਅਕਾਲ ਤਖ਼ਤ ਦੇ ਫ਼ੈਸਲੇ ’ਤੇ ਕੋਈ ਕਿੰਤੂ ਨਹੀਂ: ਚੀਮਾ
ਸ੍ਰੀ ਅਕਾਲ ਤਖ਼ਤ ਵੱਲੋਂ ਕੀਤੇ ਇਸ ਫ਼ੈਸਲੇ ਬਾਰੇ ਗੱਲ ਕਰਦਿਆਂ ਪਾਰਟੀ ਦੇ ਬੁਲਾਰੇ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਪਾਰਟੀ ਨੂੰ ਇਸ ਫ਼ੈਸਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਫ਼ੈਸਲਾ ਸ੍ਰੀ ਅਕਾਲ ਤਖਤ ਵੱਲੋਂ ਆਪਣੇ ਤੌਰ ’ਤੇ ਕੀਤਾ ਗਿਆ ਹੈ। ਪਾਰਟੀ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੈ ਅਤੇ ਅਕਾਲ ਤਖ਼ਤ ਦੇ ਫ਼ੈਸਲੇ ’ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਹੈ।