ਇਕਬਾਲ ਸਿੰਘ ਸ਼ਾਂਤ
ਲੰਬੀ, 4 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 8 ਮਾਰਚ ਦੇ ਸੂਬਾ ਪੱਧਰੀ ਸੰਘਰਸ਼ ਦੀ ਤਿਆਰੀ ਸਬੰਧੀ ਅੱਜ ਪਿੰਡ ਬਾਦਲ ’ਚ ਆਪਣੀ ਰਿਹਾਇਸ਼ ’ਤੇ ਜਲਾਲਾਬਾਦ ਅਤੇ ਅਰਨੀਵਾਲਾ ਦੇ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਕੀਤੀ। ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ 8 ਮਾਰਚ ਨੂੰ ਸੁਖਬੀਰ ਸਿੰਘ ਬਾਦਲ ਲੰਬੀ ਵਿੱਚ ਰੋਸ ਧਰਨੇ ਦੀ ਅਗਵਾਈ ਕਰਨਗੇ। ਸੁਖਬੀਰ ਬਾਦਲ ਨੇ ਕਾਂਗਰਸੀ ਅਹੁਦੇਦਾਰਾਂ ਵੱਲੋਂ ਸਿਆਸੀ ਰੰਜਿਸ਼ ਤਹਿਤ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀਆਂ ਦੀ ਨਿਖੇਧੀ ਕਰਦਿਆਂ ਅਕਾਲੀ ਵਰਕਰਾਂ ਨੂੰ ਧੱਕੇਸ਼ਾਹੀ ਦਾ ਜਵਾਬ ਲੋਕਤੰਤਰੀ ਢੰਗ ਨਾਲ ਦੇਣ ਲਈ 2022 ’ਚ ਅਕਾਲੀ ਸਰਕਾਰ ਬਣਾਉਣ ਲਈ ਹੁਣੇ ਤੋਂ ਕਮਰ ਕੱਸਣ ਦਾ ਸੱਦਾ ਦਿੱਤਾ।
ਨਗਰ ਕੌਂਸਲ ਚੋਣਾਂ ’ਚ ਜਿੱਤ ਦੇ ਜਸ਼ਨਾਂ ’ਚ ਡੁੱਬੀ ਕਾਂਗਰਸ ਨੂੰ ਉਸ ਦੇ 2017 ਦੇ ਅਧੂਰੇ ਚੋਣ ਵਾਅਦਿਆਂ ਅਤੇ ਚਾਰ ਸਾਲਾਂ ਦੀ ਮਾੜੀ ਕਾਰਗੁਜ਼ਾਰੀ ਦੇ ਮੁੱਦੇ ’ਤੇ 2022 ਵਿੱਚ ਭੁੰਜੇ ਲਾਹੁਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਮੈਦਾਨ ’ਚ ਉੱਤਰ ਆਇਆ ਹੈ। ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਟਕੇ ਦੀ ਸਹੁੰ ਚੁੱਕਣ ਅਤੇ ਹੁਸ਼ਿਆਰਪੁਰ ਜ਼ਿਲ੍ਹੇ ’ਚ ਕਿਸਾਨ ਪਿਉ-ਪੁੱਤਰ ਦੇ ਖ਼ੁਦਕੁਸ਼ੀ ਨੋਟ ’ਚ ਅਮਰਿੰਦਰ ਸਿੰਘ ਨੂੰ ਦੋਸ਼ੀ ਦੱਸਣ ਦੇ ਮਾਮਲੇ ’ਚ ਘੇਰਨ ਲਈ 8 ਮਾਰਚ ਨੂੰ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਹੈ। ਇਸ ਤਹਿਤ 117 ਹਲਕਿਆਂ ’ਚ ਧਰਨੇ ਦੇ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ। ਇਨ੍ਹਾਂ ਧਰਨਿਆਂ ’ਚ ਅਕਾਲੀ ਦਲ ਵੱਲੋਂ ਪਿਛਲੇ ਚੋਣ ਮਨੋਰਥ ਪੱਤਰ ਮੁਤਾਬਕ ਕੀਤੇ ਵਾਅਦਿਆਂ ਸਮੇਤ 14 ਮਸਲੇ ਉਭਾਰ ਕੇ ਲੋਕ ਕਚਹਿਰੀ ’ਚ ਸੂਬਾ ਸਰਕਾਰ ਤੋਂ ਹਿਸਾਬ ਮੰਗਿਆ ਜਾਵੇਗਾ। ਡੀਜ਼ਲ-ਪੈਟਰੋਲ ਤੇ ਘਰੇਲੂ ਗੈਸ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਜਿਹੇ ਮਸਲੇ ਵੀ ਉਠਾਏ ਜਾਣਗੇ।