ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜੂਨ
ਫਾਂਸੀ ਦੇ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਟਿਕਟ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਗਈ ਹੈ। ਇਹ ਐਲਾਨ ਉਨ੍ਹਾਂ ਅੱਜ ਇੱਥੇ ਪਟਿਆਲਾ ਜੇਲ੍ਹ ’ਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਅਕਾਲੀ ਦਲ ਦੀ ਭਾਵਨਾ ਬਾਰੇ ਜਾਣੂ ਕਰਵਾਏ ਜਾਣ ’ਤੇ ਸ੍ਰੀ ਰਾਜੋਆਣਾ ਨੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜਨ ਦੀ ਪ੍ਰ੍ਰਵਾਨਗੀ ਦਿੱਤੀ ਹੈ। ਕਮਲਦੀਪ ਕੌਰ ਨੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂਹ ਸਿੱਖ ਜਥੇਬੰਦੀਆਂ ਅਤੇ ਸਮੁੱਚੇ ਸਿੱਖ ਪੰਥ ਨੂੰ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਚੋਣ ਲੜਨ ਦਾ ਕੋਈ ਵਿਚਾਰ ਨਹੀਂ ਸੀ ਪਰ ਸ਼੍ਰੋਮਣੀ ਅਕਾਲੀ ਦਲ ਸਮੇਤ ਕੁਝ ਹੋਰ ਸਿੱਖ ਜਥੇਬੰਦੀਆਂ, ਜਿਨ੍ਹਾਂ ’ਚ ਸੰਤ ਸਮਾਜ, ਦਮਦਮੀ ਟਕਸਾਲ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਣੀ ਕਮੇਟੀ ਤੋਂ ਇਲਾਵਾ ਕੁਝ ਹੋਰ ਧਿਰਾਂ ਨੇ ਉਨ੍ਹਾਂ ਨੂੰ ਇਹ ਚੋਣ ਲੜਨ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਸਮੂਹ ਸਿੱਖ ਪੰਥ ਇਸ ਚੋਣ ਬਹਾਨੇ ਇਕਜੁੱਟ ਹੋ ਜਾਵੇ ਤਾਂ ਇਹ ਸ਼ੁਭ ਸ਼ਗਨ ਹੋਵੇਗਾ। ਉੱਧਰ ਕਮਲਦੀਪ ਕੌਰ ਵੱਲੋਂ ਹਾਮੀ ਭਰੇ ਜਾਣ ਮਗਰੋਂ ਅਕਾਲੀ ਦਲ ਨੇ ਰਸਮੀ ਤੌਰ ’ਤੇ ਉਸ ਨੂੰ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਹੈ।
ਪੰਥਕ ਮਸਲਿਆਂ ਪ੍ਰਤੀ ਅਕਾਲੀ ਦਲ ਦੀ ਪਹੁੰਚ ’ਤੇ ਉੱਠੇ ਸਵਾਲ
ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 4 ਜੂਨ
ਫਾਂਸੀ ਦੀ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਮਗਰੋਂ ਅਕਾਲੀ ਦਲ (ਅੰਮ੍ਰਿਤਸਰ) ਨੇ ਸਵਾਲ ਚੁੱਕੇ ਹਨ।
ਅਕਾਲੀ ਦਲ (ਅ) ਦੇ ਬੁਲਾਰੇ ਗੋਪਾਲ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਨਾਲ ਪਾਰਟੀ ਦੀ ਗੱਲਬਾਤ ਇਸ ਲਈ ਨਾਕਾਮ ਹੋ ਗਈ ਕਿਉਂਕਿ ਉਹ ਸਿਮਰਨਜੀਤ ਮਾਨ ਦੇ ਉਮੀਦਵਾਰ ਨੂੰ ਹਮਾਇਤ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ, ‘ਉਹ ਸਿਰਫ਼ ‘ਬੰਦੀ ਸਿੰਘ’ ਉਮੀਦਵਾਰ ਦੀ ਹਮਾਇਤ ਕਰਨਾ ਚਾਹੁੰਦੇ ਸਨ। ਅਸੀਂ ਉਨ੍ਹਾਂ ਨੂੰ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵੀ ਬੰਦੀ ਸਿੰਘ ਹਨ ਅਤੇ ਉਨ੍ਹਾਂ ਸਿੱਖਾਂ ਦੇ ਹੱਕਾਂ ਲਈ ਲੜਦਿਆਂ ਕਈ ਸਾਲ ਜੇਲ੍ਹ ’ਚ ਕੱਟਣ ਸਮੇਤ ਹੋਰ ਬਹੁਤ ਕੁਝ ਝੱਲਿਆ ਹੈ।’ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਬਾਅਦ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਉਮੀਦਵਾਰ ਐਲਾਨ ਦਿੱਤਾ ਜੋ ਕਿ ਰਾਜੋਆਣਾ ਦੀ ਸਕੀ ਭੈਣ ਨਹੀਂ ਹੈ। ਉਹ ਮਾਰੇ ਗਏ ਖਾੜਕੂ ਹਰਪਿੰਦਰ ਗੋਲਡੀ ਦੀ ਭੈਣ ਹੈ, ਜਿਸ ਨੂੰ ਬਾਅਦ ਵਿੱਚ ਰਾਜੋਆਣਾ ਨੇ ਆਪਣੀ ਭੈਣ ਬਣਾਇਆ ਸੀ।
ਬੰਦੀ ਸਿੰਘਾਂ ਦੇ ਕੇਸ ਲੜਨ ਵਾਲੇ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਅਕਾਲੀਆਂ ਨੇ ਹਮੇਸ਼ਾ ਮੌਕਾਪ੍ਰਸਤੀ ਦੀ ਸਿਆਸਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਸਿੱਖਾਂ ਨਾਲ ਸਬੰਧਤ ਮਸਲੇ ਸਿਰਫ਼ ਉਦੋਂ ਯਾਦ ਆਉਂਦੇ ਹਨ ਜਦੋਂ ਉਹ ਸੱਤਾ ਤੋਂ ਬਾਹਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਸੱਤਾ ’ਚ ਹੁੰਦੇ ਹਨ ਤਾਂ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਰਾਹ ਵਿਚ ਕਾਨੂੰਨੀ ਅੜਿੱਕਿਆਂ ਦੀ ਗੱਲ ਕਰਨ ਲੱਗ ਜਾਂਦੇ ਹਨ।
ਸਿੱਖ ਇਤਿਹਾਸਕਾਰ ਤੇ ਅਕਾਲੀ ਸਿਆਸਤ ਦੇ ਮਾਹਿਰ ਜਗਤਾਰ ਸਿੰਘ ਨੇ ਟਵੀਟ ਕੀਤਾ, ‘ਜਦੋਂ ਸੱਤਾ ’ਚ ਸੀ ਤਾਂ ਸੁਮੇਧ ਸੈਣੀ ਨੂੰ ਪੁਲੀਸ ਮੁਖੀ ਲਗਾ ਦਿੱਤਾ। ਹੁਣ ਜਦੋਂ ਤੁਹਾਨੂੰ ਲੋਕਾਂ ਨੇ ਨਕਾਰ ਦਿੱਤਾ ਤਾਂ ਤੁਸੀਂ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਲੋਕ ਸਭਾ ਸੀਟ ਜਿੱਤਣ ਲਈ ਉਮੀਦਵਾਰ ਐਲਾਨ ਦਿੱਤਾ ਹੈ। ਕਿੰਨਾ ਵਿਰੋਧਾਭਾਸ ਹੈ।’ ਜ਼ਿਕਰਯੋਗ ਹੈ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਆਪਣੀ ਅਤਿਵਾਦੀ ਵਿਰੋਧੀ ਮੁਹਿੰਮ ਲਈ ਮਸ਼ਹੂਰ ਸਨ। ਉਨ੍ਹਾਂ ‘ਦਿ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਪੈਰਾਂ ਸਿਰ ਕਰਨ ਦਾ ਆਧਾਰ ਗੁਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪਾਰਟੀ ’ਚ ਵਿਚਾਰਧਾਰਾ ਤੇ ਵਿਚਾਰਾਂ ਦੀ ਘਾਟ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਏਜੰਡਾ ਹਮੇਸ਼ਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਸੀ ਨਾ ਕਿ ਪੰਥਕ ਮਸਲੇ।
ਅਕਾਲੀ ਦਲ ਹਮੇਸ਼ਾ ਸਿੱਖ ਮਸਲਿਆਂ ਲਈ ਖੜ੍ਹਾ: ਚੀਮਾ
ਸ਼੍ਰੋਮਣੀ ਅਕਾਲੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਹਮੇਸ਼ਾ ਹੀ ਸਿੱਖ ਮਸਲਿਆਂ ਲਈ ਖੜ੍ਹੀ ਹੈ। ਉਨ੍ਹਾਂ ਕਿਹਾ, ‘ਅਸੀਂ ਸਿੱਖ ਬੰਦੀਆਂ ਦਾ ਮਸਲਾ ਕਿਸੇ ਨਾਲੋਂ ਵੀ ਵੱਧ ਚੁੱਕਿਆ ਹੈ। ਇੱਥੋਂ ਤੱਕ ਕਿ ਸਾਡੀਆਂ ਕੋਸ਼ਿਸ਼ਾਂ ਕਾਰਨ ਹੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕੀ ਸੀ। ਅਕਾਲੀ ਦਲ ਹੀ ਇੱਕ ਪਾਰਟੀ ਹੈ ਜਿਸ ਨੇ ਸਿੱਖ ਮਸਲਿਆਂ ਲਈ ਕੇਂਦਰ ਤੇ ਹੋਰ ਰਾਜਾਂ ਦੀਆਂ ਸਰਕਾਰਾਂ ਨਾਲ ਤਾਲਮੇਲ ਕੀਤਾ। ਇਸੇ ਲਈ ਅਸੀਂ ਰਾਜੋਆਣਾ ਦੀ ਭੈਣ ਸਾਡੀ ਪਾਰਟੀ ਵੱਲੋਂ ਚੋਣ ਲੜ ਰਹੀ ਹੈ।’