ਦਵਿੰਦਰ ਪਾਲ
ਚੰਡੀਗੜ੍ਹ, 3 ਨਵੰਬਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਦਰ ਉਭਰੀ ਬਗ਼ਾਵਤ ਨੇ ਪਾਰਟੀ ਦਾ ਸੰਕਟ ਹੋਰ ਵਧਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਪ੍ਰਧਾਨਗੀ ਦੀ ਉਮੀਦਵਾਰੀ ਐਲਾਨੇ ਜਾਣ ਦੇ ਮੁੱਦੇ ’ਤੇ ਉਠੀ ਬਗ਼ਾਵਤ ਨੂੰ ਠੱਲ੍ਹਣ ਲਈ ਬੇਸ਼ਕ ਉਨ੍ਹਾਂ ਨੂੰ ਨੋਟਿਸ ਦੇ ਦਿੱਤਾ ਗਿਆ ਹੈ, ਪਰ ਪਾਰਟੀ ਅੰਦਰਲਾ ਮਾਹੌਲ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਲੰਬਾ ਸਮਾਂ ਸੱਤਾ ਦਾ ਆਨੰਦ ਮਾਨਣ ਵਾਲੀ ਇਸ ਪਾਰਟੀ ਨੂੰ ਹੁਣ ਬਾਗੀਆਂ ਦਾ ਕਾਫ਼ਲਾ ਲੰਬਾ ਹੋਣ ਦਾ ਡਰ ਸਤਾ ਰਿਹਾ ਹੈ। ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਦੌਰਾਨ ਬੀਬੀ ਜਗੀਰ ਕੌਰ ਨੂੰ ਆਮ ਨਾਲੋਂ ਜ਼ਿਆਦਾ ਮੈਂਬਰਾਂ ਦਾ ਸਮਰਥਨ ਮਿਲਣ ਦੀ ਸੰਭਾਵਨਾ ਹੈ। ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਚੁਣੌਤੀਆਂ ਵਧ ਸਕਦੀਆਂ ਹਨ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੌਰਾਨ ਆਮ ਤੌਰ ’ਤੇ ਹਰ ਵਾਰ 25 ਦੇ ਕਰੀਬ ਉਮੀਦਵਾਰ ਅਕਾਲੀ ਦਲ ਦੇ ਉਮੀਦਵਾਰ ਖ਼ਿਲਾਫ਼ ਭੁਗਤਦੇ ਹਨ, ਪਰ ਬੀਬੀ ਜਗੀਰ ਕੌਰ ਦੇ ਮੈਦਾਨ ਵਿੱਚ ਉਤਰਨ ਮਗਰੋਂ ਇਨ੍ਹਾਂ ਦੀ ਗਿਣਤੀ 50 ਦੇ ਕਰੀਬ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਨਮੋਸ਼ੀ ਭਰੀ ਹਾਰ ਮਗਰੋਂ ਸੁਖਬੀਰ ਬਾਦਲ ਵਿਰੁਧ ਖੁੱਲ੍ਹੇਆਮ ਉੱਠੀ ਇਹ ਪਹਿਲੀ ਬਗ਼ਾਵਤ ਹੈ। ਇਸ ਤੋਂ ਪਹਿਲਾਂ 2017 ਦੀਆਂ ਚੋਣਾਂ ਹਾਰਨ ਮਗਰੋਂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਸਣੇ ਹੋਰ ਕਈਆਂ ਨੇ ਬਗ਼ਾਵਤ ਕੀਤੀ ਸੀ, ਪਰ ਜਥੇਦਾਰ ਬ੍ਰਹਮਪੁਰਾ ਨੇ ਅਕਾਲੀ ਦਲ ਵਿੱਚ ਮੁੜ ਸ਼ਮੂਲੀਅਤ ਕਰ ਲਈ ਸੀ। ਬਾਦਲਾਂ ਨੂੰ ਇਹ ਵੀ ਡਰ ਸਤਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਮਗਰੋਂ ਪਾਰਟੀ ਅੰਦਰ ਬਗ਼ਾਵਤ ਹੋ ਸਕਦੀ ਹੈ। ਇਸ ਦੇ ਨਾਲ ਹੀ ਕੇਂਦਰ ਵੱਲੋਂ ਵੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਾਉਣ ਦਾ ਐਲਾਨ ਕਰਵਾਇਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਪਾਰਟੀ ਵਿੱਚ ਵੱਡੀਆਂ ਤਬਦਲੀਆਂ ਕਰਨ ਦੇ ਐਲਾਨ ਕੀਤੇ ਗਏ ਸਨ। ਇਸ ਤੋਂ ਇਲਾਵਾ ਕੋਰ ਕਮੇਟੀ ਵਿੱਚ ਨਵੇਂ ਚਿਹਰੇ ਸ਼ਾਮਲ ਕਰਨ ਅਤੇ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ 117 ਹਲਕਿਆਂ ’ਚੋਂ 50 ਫੀਸਦ ’ਤੇ 50 ਸਾਲ ਤੋਂ ਘੱਟ ਉਮਰ ਦੇ ਉਮੀਦਵਾਰਾਂ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਨਾਲ ‘ਪੰਜਾਬੀ ਟ੍ਰਿਬਿਊਨ’ ਦੇ ਇਸ ਪ੍ਰਤੀਨਿਧ ਵੱਲੋਂ ਜਦੋਂ ਗੱਲਬਾਤ ਕੀਤੀ ਗਈ ਤਾਂ ਜ਼ਿਆਦਾਤਰ ਆਗੂਆਂ ਨੇ ਬੀਬੀ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਨੂੰ ਜਲਦਬਾਜ਼ੀ ਵਿੱਚ ਚੁੱਕਿਆ ਜਾਣ ਵਾਲਾ ਕਦਮ ਕਰਾਰ ਦਿੱਤਾ ਹੈ। ਉਕਤ ਆਗੂਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਬੁਨਿਆਦੀ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਡੰਗ ਟਪਾਈ ਵਾਲੀ ਰਣਨੀਤੀ ਅਪਣਾਉਣ ਕਾਰਨ ਪਾਰਟੀ ਦੀ ਹਾਲਤ ਲਗਾਤਾਰ ਪਤਲੀ ਹੋ ਰਹੀ ਹੈ। ਕੁਝ ਆਗੂਆਂ ਵੱਲੋਂ ਬੀਬੀ ਜਗੀਰ ਕੌਰ ਨੂੰ ਅੰਦਰ ਖਾਤੇ ਹਮਾਇਤ ਦੇਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਇਸ ਮਹਿਲਾ ਆਗੂ ਵੱਲੋਂ ਆਪਣੇ ਆਪ ਨੂੰ ਉਮੀਦਵਾਰ ਐਲਾਨਣ ਨਾਲ ਅਨੁਸਾਸ਼ਨ ਭੰਗ ਨਹੀਂ ਮੰਨਿਆ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੇ ਸੰਕਟ ਦੇ ਨਿਵਾਰਣ ਲਈ ਪਾਰਟੀ ਵੱਲੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ, ਜਿਸ ਨੇ ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਗੱਲਬਾਤ ਕਰਕੇ ਪਾਰਟੀ ’ਚ ਸੁਧਾਰ ਦੇ ਉਦੇਸ਼ ਹਿਤ ਇੱਕ ਰਿਪੋਰਟ ਤਿਆਰ ਕੀਤੀ ਸੀ। ਦੇਖਿਆ ਜਾਵੇ ਤਾਂ ਝੂੰਦਾ ਦੀ ਅਗਵਾਈ ਹੇਠ ਬਣੀ ਕਮੇਟੀ ਦੀ ਰਿਪੋਰਟ ਮਗਰੋਂ ਪੈਦਾ ਹੋਏ ਹਾਲਾਤ ਨੇ ਇਸ ਸੰਕਟ ਨੂੰ ਹੋਰ ਡੂੰਘਾ ਕੀਤਾ ਹੈ। ਇਸ ਰਿਪੋਰਟ ਵਿੱਚ ਅਕਾਲੀ ਦਲ ਦੇ ਵਰਕਰਾਂ ਨੇ ਸਪੱਸ਼ਟ ਤੌਰ ’ਤੇ ਪਾਰਟੀ ਦੀ ਲੀਡਰਸ਼ਿਪ ਖਾਸ ਕਰ ਬਾਦਲਾਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਾਇਆ ਸੀ, ਜਿਸ ਮਗਰੋਂ ਉੱਠਣ ਵਾਲੀਆਂ ਬਗ਼ਾਵਤੀ ਸੁਰਾਂ ਨੂੰ ਮੱਠੀਆਂ ਕਰਨ ਲਈ ਜਥੇਬੰਦਕ ਢਾਂਚੇ ਨੂੰ ਭੰਗ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ। ਬੀਬੀ ਜਗੀਰ ਕੌਰ ਵੱਲੋਂ ਉਮੀਦਵਾਰੀ ਦੇ ਦਾਅਵੇ ਨੂੰ ਅਨੁਸਾਸ਼ਨਹੀਣਤਾ ਨਾਲ ਜੋੜਨ ਨਾਲ ਪਾਰਟੀ ਅੰਦਰ ਜਮਹੂਰੀ ਅਮਲ ਬਹਾਲ ਕਰਨ ਦੇ ਅਮਲ ਨੂੰ ਵੀ ਬਰੇਕਾਂ ਲੱਗ ਕਈਆਂ ਹਨ।
ਸੁਖਬੀਰ ਦੀਆਂ ਪੰਥ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ’ਤੇ ਬੀਬੀ ਨੂੰ ਮੁਅੱਤਲ ਕੀਤਾ: ਢੀਂਡਸਾ
ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਪੰਥ ਵਿਰੋਧੀ ਨੀਤੀਆਂ ਦਾ ਜੋ ਵੀ ਵਿਰੋਧ ਕਰਦਾ ਹੈ ਉਸ ਨੂੰ ਪਾਰਟੀ ’ਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਜਾਂਦਾ ਹੈ ਅਤੇ ਬੀਬੀ ਜਗੀਰ ਕੌਰ ਵੱਲੋਂ ਜਦੋਂ ਸੁਖਬੀਰ ਸਿੰਘ ਬਾਦਲ ਦੀਆਂ ਪੰਥ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੂੰ ਵੀ ਪਾਰਟੀ ’ਚੋਂ ਮੁਅੱਤਲ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਗਿਆ। ਲਿਫ਼ਾਫ਼ਾ ਕਲਚਰ ਖ਼ਿਲਾਫ਼ ਆਵਾਜ਼ ਉਠਾਉਣ ਵਾਲੀ ਬੀਬੀ ਜਗੀਰ ਕੌਰ ਦਾ ਸਮਰਥਨ ਕਰਦਿਆਂ ਸ੍ਰੀ ਢੀਂਡਸਾ ਨੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਐੱਸਜੀਪੀਸੀ ਦੀਆਂ 9 ਨਵੰਬਰ ਨੂੰ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਦੀ ਹੋਣ ਵਾਲੀ ਚੋਣ ਵਿਚ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਦੀਆਂ ਆਪਹੁਦਰੀਆਂ ਅਤੇ ਤਾਨਾਸ਼ਾਹੀ ਰਵੱਈਏ ਦਾ ਵਿਰੋਧ ਕਰਕੇ ਕੋਈ ਗ਼ਲਤ ਗੱਲ ਨਹੀਂ ਕੀਤੀ। ਉਨ੍ਹਾਂ ਆਖਿਆ ਕਿ ਰਾਜਨੀਤੀ ਕਦੇ ਵੀ ਧਰਮ ਤੋਂ ਉੱਪਰ ਨਹੀਂ ਹੋ ਸਕਦੀ ਪਰ ਸੁਖਬੀਰ ਬਾਦਲ ਸ਼ੁਰੂ ਤੋਂ ਆਪਣੇ ਨਿੱਜੀ ਹਿੱਤਾਂ ਨੂੰ ਪੂਰਾ ਕਰਨ ਲਈ ਪੰਥ ਨੂੰ ਵਰਤਦਾ ਆਇਆ ਹੈ। ਇਸ ਲਈ ਪੰਥ ਨੂੰ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਦਾ ਪਾਸੇ ਹੋਣਾ ਲਾਜ਼ਮੀ ਹੈ ਅਤੇ ਜਿਸ ਦਿਨ ਸੁਖਬੀਰ ਬਾਦਲ ਨੂੰ ਪਾਸੇ ਕਰ ਦਿੱਤਾ ਗਿਆ, ਉਸੇ ਦਿਨ ਸਾਰੇ ਅਕਾਲੀ ਇਕੱਠੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਪੰਥਕ ਏਜੰਡੇ ਨੂੰ ਪੂਰੀ ਤਰ੍ਹਾਂ ਨਾਲ ਤਿਲਾਂਜਲੀ ਦਿੱਤੇ ਜਾਣ ਕਾਰਨ ਹੀ ਸਦੀ ਪੁਰਾਣੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ।