ਜੋਗਿੰਦਰ ਸਿੰਘ ਓਬਰਾਏ
ਖੰਨਾ, 14 ਸਤੰਬਰ
ਇਥੋਂ ਨੇੜਲੇ ਪਿੰਡ ਇਕੋਲਾਹਾ ਵਿਚ ਪੰਜ ਦਿਨ ਪਹਿਲਾਂ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਆਗੂ ਤਰਲੋਚਨ ਸਿੰਘ ਡੀਸੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧੀ ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਵਿਚ ਇਸ ਘਟਨਾ ਦੇ ਮੁੱਖ ਮੁਲਜ਼ਮ ਰਣਜੀਤ ਸਿੰਘ ਵਾਸੀ ਇਕੋਲਾਹਾ ਨੂੰ ਗ੍ਰਿਫ਼ਤਾਰ ਕੀਤਾ ਸੀ। ਮ੍ਰਿਤਕ ਤਰਲੋਚਨ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੋਸ਼ ਲਾਏ ਸਨ ਕਿ ਇਸ ਹੱਤਿਆ ਪਿੱਛੇ ਪਿੰਡ ਦੇ ਹੀ ਦੋ ਹੋਰ ਵਿਅਕਤੀਆਂ ਤੇਜਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਦੀ ਸਾਜ਼ਿਸ਼ ਹੈ। ਤਰਲੋਚਨ ਸਿੰਘ ਦੇ ਪਰਿਵਾਰਕ ਮੈਂਬਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅੜੇ ਹੋਏ ਸਨ ਤੇ ਉਨ੍ਹਾਂ ਨੇ ਤਰਲੋਚਨ ਦਾ ਸਸਕਾਰ ਵੀ ਨਹੀਂ ਸੀ ਕੀਤਾ ਪਰ ਅੱਜ ਤੇਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਉਪਰੰਤ ਸਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਤੇਜਿੰਦਰ ਸਿੰਘ ਇਸ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਵਜੋਂ ਜਾਣਿਆ ਜਾਂਦਾ ਹੈ। ਪੁਲੀਸ ਨੇ ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ। ਦੂਜੇ ਪਾਸੇ ਪਹਿਲੇ ਫੜੇ ਮੁੱਖ ਮੁਲਜ਼ਮ ਰਣਜੀਤ ਸਿੰਘ ਨੂੰ ਵੀ ਅੱਜ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੌਰਾਨ ਤੇਜਿੰਦਰ ਸਿੰਘ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਗਿਆ ਹੈ ਅਤੇ ਜਲਦ ਹੀ ਸੱਚ ਸਾਹਮਣੇ ਆ ਜਾਵੇਗਾ। ਇਸ ਮੌਕੇ ਤਰਲੋਚਨ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਸੀ ਕਿ ਇਹ ਕਤਲ ਸਿਆਸੀ ਰੰਜਿਸ਼ ਦੇ ਆਧਾਰ ’ਤੇ ਕੀਤਾ ਗਿਆ ਹੈ ਅਤੇ ਪੁਲੀਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ।