ਪੱਤਰ ਪ੍ਰੇਰਕ
ਜ਼ੀਰਾ, 3 ਅਗਸਤ
ਵਿਧਾਨ ਸਭਾ ਹਲਕਾ ਜ਼ੀਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਦੇ ਬਜ਼ੁਰਗ ਨੇਤਾ ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜ਼ੀਰਾ (80) ਦਾ ਦੇਹਾਂਤ ਹੋ ਗਿਆ। ਜਥੇਦਾਰ ਜ਼ੀਰਾ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਸ਼ਾਮ ਸੱਤ ਵਜੇ ਦੇ ਕਰੀਬ ਪੀਜੀਆਈ ਚੰਡੀਗੜ੍ਹ ਵਿੱਚ ਆਖ਼ਰੀ ਸਾਹ ਲਿਆ। ਜਥੇਦਾਰ ਜ਼ੀਰਾ 1977 ਤੋਂ ਅਕਾਲੀ ਦਲ ਬਾਦਲ ਨਾਲ ਜੁੜੇ ਹੋਏ ਸਨ, ਉਹ ਪੰਜ ਵਾਰ ਵਿਧਾਇਕ , ਇੱਕ ਵਾਰ ਸਿੰਜਾਈ ਮੰਤਰੀ, ਅਕਾਲੀ ਦਲ ਵਿੱਚ ਕੋਰ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਮਿੰਨਾਂ ਨਾਲ ਉਨ੍ਹਾਂ ਦੇ ਪਿਤਾ ਦੀ ਮੌਤ ’ਤੇ ਚੇਅਰਮੈਨ ਕੁਲਦੀਪ ਸਿੰਘ ਬੰਬ, ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਡਾ. ਨਿਰਵੈਰ ਸਿੰਘ ਉੱਪਲ,ਪੀ ਏ ਲਖਵਿੰਦਰ ਸਿੰਘ, ਬਹਾਦਰ ਸਿੰਘ ਹਰਦਾਸਾ, ਸੁਖਦੇਵ ਸਿੰਘ ਲਹੁਕਾ, ਕਾਰਜ ਸਿੰਘ ਆਹਲਾ, ਪ੍ਰਿੰਸ ਘੁਰਕੀ, ਸਾਬਕਾ ਸਰਪੰਚ ਬਿੱਕਰ ਸਿੰਘ ਨੀਲੇਵਾਲਾ, ਮੋਹਨ ਸਿੰਘ ਨੀਲੇਵਾਲਾ ਸਣੇ ਜ਼ੀਰਾ ਹਲਕੇ ਦੇ ਸਮੂਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਜਥੇਦਾਰ ਹਰੀ ਸਿੰਘ ਜ਼ੀਰਾ ਦਾ ਸਸਕਾਰ ਬੁੱਧਵਾਰ ਨੂੰ ਜ਼ੀਰਾ ਵਿੱਚ ਕੀਤਾ ਜਾਵੇਗਾ।