ਕੁਲਦੀਪ ਸਿੰਘ
ਚੰਡੀਗੜ੍ਹ, 2 ਅਕਤੂਬਰ
ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਜੋਸ਼ ਨਾਲ ਸੰਘਰਸ਼ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੋਸ਼ ਗੁਆ ਬੈਠੇ ਹਨ ਤੇ ਉਹ ਆਪਣੇ ਨੇਤਾਵਾਂ ਦਾ ਨਾਮ ਭੁੱਲਣ ਲੱਗੇ ਹਨ। ਬਨੂੜ (ਰਾਜਪੁਰਾ) ਫਲਾਈਓਵਰ ਦੇ ਹੇਠ ਅਕਾਲੀਆਂ ਨੇ ਆਪਣੀ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਨਾਂ ਵਾਲਾ ਗਲਤ ਪੋਸਟਰ ਲਗਾ ਦਿੱਤਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਦੇ ਨਾਂ ਦੀ ਬਜਾਇ ਬੀਬਾ ਹਰਸਿਮਰਨ ਕੌਰ ਬਾਦਲ ਲਿਖਿਆ। ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਦੀ ਗੱਲ ਕਰਨ ਵਾਲੀ ਇਸ ਪਾਰਟੀ ਨੇ ਕਿਸਾਨਾਂ ਲਈ ਸੰਘਰਸ਼ ਸ਼ੁਰੂ ਕੀਤਾ ਹੈ ਪਰ ਪੋਸਟਰ ਵਿੱਚ ਕਿਸਾਨ ਦੀ ਥਾ ਕਿਸ਼ਾਨ ਲਿਖਿਆ ਹੋਇਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਤੱਕ ਕੱਢੇ ਗਏ ਕਿਸਾਨ ਮਾਰਚ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ ਤੋਂ ਚੱਲ ਕੇ ਬਨੂੜ ਦੇ ਰਸਤੇ ਤੋਂ ਚੰਡੀਗੜ੍ਹ ਪਹੁੰਚਣਾ ਸੀ। ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਸ਼੍ਰੋਮਣੀ ਦਲ ਤੇ ਸਮੂਹ ਮੈਂਬਰ ਸਾਹਿਬਾਨ ਦੇ ਨਾਂ ਹੇਠ ਇਹ ਪੋਸਟਰ ਬਨੂੜ ਫਲਾਈਓਵਰ ਦੇ ਹੇਠਾਂ ਲਗਾਇਆ ਗਿਆ ਸੀ ਜੋ ਕਿ ਅੱਜ ਵੀ ਲੱਗਾ ਦਿਖਾਈ ਦੇ ਰਿਹਾ ਹੈ। ਪੋਸਟਰ ਉਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਐਨਕੇ ਸ਼ਰਮਾ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਹਨ।